ਚੰਡੀਗੜ੍ਹ/20 ਜੁਲਾਈ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁæਖਬੀਰ ਸਿੰਘ ਬਾਦਲ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਖਸ਼ਿਤ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ਼ੀਲਾ ਦੀਖਸ਼ਿਤ ਆਪਣੇ ਨਿੱਘੇ ਅਤੇ ਮਿਲਾਪੜੇ ਸੁਭਾਅ ਤੋਂ ਇਲਾਵਾ ਆਮ ਲੋਕਾਂ ਨਾਲ ਸਾਂਝ ਰੱਖਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ। ਉਹਨਾਂ ਕਿਹਾ ਕਿ ਸੰਜੀਦਾ ਸ਼ਖਸ਼ੀਅਤ ਅਤੇ ਦੂਜਿਆਂ ਦਾ ਪੱਖ ਸੁਣਨ ਦੀ ਯੋਗਤਾ ਕਰਕੇ ਸ਼੍ਰੀਮਤੀ ਦੀਖਸ਼ਿਤ ਨੂੰ ਸਾਰੀਆਂ ਪਾਰਟੀਆਂ ਵੱਲੋਂ ਸਤਿਕਾਰ ਦਿੱਤਾ ਜਾਂਦਾ ਸੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਇੱਕ ਬਹੁਤ ਹੀ ਸ਼ਾਨਦਾਰ ਸ਼ਖਸ਼ੀਅਤ ਦੇ ਮਾਲਕ ਸਨ, ਜਿਹਨਾਂ ਨੇ ਆਪਣੇ ਤਿੰਨ ਕਾਰਜਕਾਲਾਂ ਦੌਰਾਨ ਦਿੱਲੀ ਦਾ ਹੁਲੀਆ ਬਦਲ ਦਿੱਤਾ ਸੀ। ਉਹਨਾਂ ਕਿਹਾ ਕਿ ਸ੍ਰੀਮਤੀ ਦੀਖਸ਼ਿਤ ਨੇ ਦਿੱਲੀ ਦਾ ਆਧੁਨਿਕੀਕਰਨ ਕਰਕੇ ਇਸ ਨੂੰ ਇੱਕ ਸਾਫ-ਸੁਥਰਾ ਅਤੇ ਹਰਿਆਲੀ ਭਰਪੂਰ ਸ਼ਹਿਰ ਬਣਾਇਆ। ਉਹਨਾਂ ਕਿਹਾ ਕਿ ਸ਼੍ਰੀਮਤੀ ਦੀਖਸ਼ਿਤ ਹਮੇਸ਼ਾਂ ਆਪਣੇ ਵਿਕਾਸ ਕਾਰਜਾਂ ਅਤੇ ਲੋਕ-ਪੱਖੀ ਸੁਭਾਅ ਕਰਕੇ ਯਾਦ ਕੀਤੇ ਜਾਣਗੇ।