ਚੰਡੀਗੜ•/20 ਦਸੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਸਾਊਦੀ ਅਰਬ ਵਿਚ ਬਿਨਾਂ ਪਾਸਪੋਰਟ ਅਤੇ ਵੀਜ਼ਿਆਂ ਤੋਂ ਖੱਜਲ ਖੁਆਰ ਹੋ ਰਹੇ ਉਹਨਾਂ ਇੱਕ ਹਜ਼ਾਰ ਪੰਜਾਬੀਆਂ ਸਮੇਤ 3 ਹਜ਼ਾਰ ਭਾਰਤੀ ਕਾਮਿਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਕਾਮਿਆਂ ਲਈ ਬਦਲਵੇਂ ਰੁਜ਼ਗਾਰ ਦੀ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਸੰਬੰਧ ਵਿਚ ਉਹਨਾਂ ਨੂੰ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਚਿੱਠੀ ਮਿਲੀ ਹੈ। ਉਹਨਾਂ ਕਿਹਾ ਕਿ ਬੀਬੀ ਸਵਰਾਜ ਨੇ ਉਹਨਾਂ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਰਿਆਧ ਵਿਚ 13 ਉਸਾਰੀ ਕੈਂਪਾਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿੱਥੇ ਕਾਮਿਆਂ ਨੂੰ ਰੱਖਿਆ ਗਿਆ ਹੈ। ਇਹ ਮਿਸ਼ਨ ਉਹਨਾਂ ਦੀ ਦੇਖਭਾਲ ਖਾਸ ਕਰਕੇ ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਵਾਏਗਾ।
ਇਸ ਤੋਂ ਪਹਿਲਾਂ ਬੀਬੀ ਬਾਦਲ ਨੇ ਇਹ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਂਦਿਆਂ ਬੀਬੀ ਸਵਰਾਜ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਸੀ ਕਿ ਤਕਰੀਬਨ ਇੱਕ ਹਜ਼ਾਰ ਪੰਜਾਬੀ ਕਾਮੇ ਸਾਊਦੀ ਅਰਬ ਵਿਚ ਫਸੇ ਹੋਏ ਹਨ, ਕਿਉਂਕਿ ਉਹਨਾਂ ਦੇ ਰੁਜ਼ਗਾਰਦਾਤਿਆਂ ਨੇ ਉਹਨਾਂ ਨੂੰ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ। ਉਹਨਾਂ ਦੱਸਿਆ ਸੀ ਇਹਨਾਂ ਕਾਮਿਆਂ ਦੇ ਰਿਹਾਇਸ਼ੀ ਪਰਮਿਟਾਂ ਤੋਂ ਇਲਾਵਾ ਵੀਜ਼ੇ ਵੀ ਖਤਮ ਹੋ ਚੁੱਕੇ ਹਨ।
ਬੀਬੀ ਬਾਦਲ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਕਾਮਿਆਂ ਨੂੰ ਸਾਊਦੀ ਅਰਬ ਵਿਚ ਇੱਕ ਉਸਾਰੀ ਕਰਨ ਵਾਲੀ ਕੰਪਨੀ ਨੇ ਨੌਕਰੀਆਂ ਦਿੱਤੀਆਂ ਹੋਈਆਂ ਸਨ, ਜਿਸ ਨੂੰ ਵਿੱਤੀ ਘਾਟਿਆਂ ਕਰਕੇ ਆਪਣਾ ਕੰਮ ਬੰਦ ਕਰਨਾ ਪੈ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਬੀਬੀ ਸਵਰਾਜ ਨੇ ਇਹ ਵੀ ਦੱਸਿਆ ਹੈ ਕਿ ਭਾਰਤੀ ਮਿਸ਼ਨ ਇਹਨਾਂ ਕਾਮਿਆਂ ਦੀਆਂ ਬਕਾਇਆ ਤਨਖਾਹਾਂ ਦਿਵਾਉਣਣ ਲਈ ਉਸ ਕੰਪਨੀ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਵਿਚ ਹੈ। ਉਹਨਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਵੱਲੋਂ ਇਸ ਵਾਸਤੇ ਵੀ ਯਤਨ ਕੀਤੇ ਜਾ ਰਹੇ ਹਨ ਕਿ ਸਾਰੇ ਕਾਮਿਆਂ ਦੇ ਰਿਹਾਇਸ਼ੀ ਪਰਮਿਟ ਰੀਨਿਊ ਕਰ ਦਿੱਤੇ ਜਾਣ ਤਾਂ ਕਿ ਜੇਕਰ ਉਹਨਾਂ ਦੀ ਇੱਛਾ ਹੋਵੇ ਤਾਂ ਉਹ ਸਾਊਦੀ ਅਰਬ ਵਿਚ ਕੰਮ ਕਰਨਾ ਜਾਰੀ ਰੱਖ ਸਕਣ। ਉਹਨਾਂ ਕਿਹਾ ਕਿ ਜਿਹੜੇ ਕਾਮੇ ਵਾਪਸ ਭਾਰਤ ਆਉਣਾ ਚਾਹੁੰਦੇ ਹਨ, ਉਹਨਾਂ ਲਈ ਟਿਕਟਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।
ਬੀਬੀ ਬਾਦਲ ਨੇ ਭਾਰਤੀ ਕਾਮਿਆਂ ਨੂੰ ਬਚਾਉਣ ਲਈ ਬੀਬੀ ਸਵਰਾਜ ਵੱਲੋਂ ਕੀਤੀ ਫੌਰੀ ਕਾਰਵਾਈ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬੀਬੀ ਸਵਰਾਜ ਵੱਲੋਂ ਦਿਖਾਈ ਫੁਰਤੀ ਸਦਕਾ ਇਹ ਮਸਲਾ ਹੱਲ ਹੋ ਚੁੱਕਿਆ ਹੈ। ਉਹਨਾਂ ਨੇ ਸਾਰਿਆਂ ਦੀ ਤਸੱਲੀ ਮੁਤਾਬਿਕ ਮਸਲੇ ਨੂੰ ਹੱਲ ਕਰਨ ਲਈ ਵੀ ਵਿਦੇਸ਼ ਮੰਤਰੀ ਦਾ ਧੰਨਵਾਦ ਕੀਤਾ।