ਚੰਡੀਗੜ੍ਹ/03 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ 1984 ਵਿਚ ਇਸੇ ਹਫ਼ਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਤੋਪਾਂ ਨਾਲ ਹਮਲੇ ਦਾ ਹੁਕਮ ਦੇਣ ਵਾਲੇ ਗਾਂਧੀ ਪਰਿਵਾਰ ਦੀ ਨਿਖੇਧੀ ਕਰਨ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਰੇਸ਼ਨ ਬਲਿਊ ਸਟਾਰ ਦੌਰਾਨ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਲਈ ਆਪਣੇ ਪਾਪਾਂ ਦਾ ਪਛਤਾਵਾ ਕਰਨ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਰਾਸ਼ਟਰੀ ਸਹਿਣਸ਼ੀਲਤਾ ਦਿਵਸ ਵਜੋਂ ਮਨਾਉਣ ਦੀ ਗੱਲ ਕਰਨੀ ਚਾਹੀਦੀ ਹੈ, ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਹਿਣਸ਼ੀਲਤਾ ਅਤੇ ਰਹਿਮਦਿਲੀ ਦਾ ਮੁਜੱਸਮਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਰਲ ਕੇ ਇਸ ਸਹਿਣਸ਼ੀਲਤਾ ਦੇ ਪ੍ਰਤੀਕ ਨੂੰ ਤਬਾਹ ਕੀਤਾ ਸੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਗਾਂਧੀ ਪਰਿਵਾਰ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਲਈ ਕਹਿਣਾ ਚਾਹੀਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕੈਪਟਨ ਨੂੰ ਸਹੀ ਕੰਮ ਕਰਨਾ ਚਾਹੀਦਾ ਹੈ,ਅਕਾਲੀ ਆਗੂ ਨੇ ਕਿਹਾ ਕਿ ਇਹ ਸੱਚ ਹੈ ਕਿ ਤੁਸੀਂ (ਅਮਰਿੰਦਰ ਸਿੰਘ) ਗਾਂਧੀ ਪਰਿਵਾਰ ਦੇ ਚਹੇਤੇ ਹੋ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ ਪਰਿਵਾਰ ਦੇ ਹੁਕਮਾਂ ਉੱਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ ਸੀ। ਹੁਣ ਜਦੋਂ ਅਸੀਂ ਇਸ ਘੱਲੂਘਾਰਾ ਹਫਤੇ ਨੂੰ ਮਨਾ ਰਹੇ ਹਾਂ ਤਾਂ ਤੁਹਾਡੇ ਵੱਲੋਂ ਇਸ ਮੌਕੇ ਸਭ ਤੋਂ ਪਹਿਲਾਂ ਇਸ ਕਤਲੇਆਮ ਦੇ ਦੋਸ਼ੀਆਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ।