ਪਰਕਾਸ਼ ਪੁਰਬ ਸਮਾਗਮਾਂ ਲਈ ਫੰਡ ਨਾ ਦੇਣ ਲਈ ਕਾਂਗਰਸ ਸਰਕਾਰ ਦੀ ਖਿਚਾਈ ਕੀਤੀ
ਗੁਰਦਾਸਪੁਰ/01 ਸਤੰਬਰ: ਸਾਬਕਾ ਮੰਤਰੀ ਸਰਦਾਰ¿;ਨਬਸਪ; ਬਿਕਰਮ ਸਿੰਘ ਮਜੀਠੀਆ ਨੇ ਤੈਅ ਸਮੇਂ ਅੰਦਰ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਰਨ ਲਈ ਅੱਜ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਰੱਜ ਕੇ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਉੱਤੇ ਦੋਸ਼ ਲਾਇਆ ਕਿ ਇਸ ਨੇ ਸਿੱਖਾਂ ਦੀ ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਪਿਛਲੇ 70 ਸਾਲਾਂ ਦੌਰਾਨ ਕੁੱਝ ਨਹੀਂ ਕੀਤਾ।
ਇੱਥੇ ਬੱਬੇਹਾਲੀ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਨਾਨਕ ਨਾਮ ਲੇਵਾ ਸੰਗਤ ਦੀ 70 ਸਾਲ ਪੁਰਾਣੀ ਇੱਛਾ ਪੂਰੀ ਕਰਨ ਵਾਸਤੇ ਮੋਦੀ ਸਰਕਾਰ ਦਾ ਧੰਨਵਾਦ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਬਾਕੀ ਸਾਰੇ ਰਿਸ਼ਤਿਆਂ ਉੱਤੇ ਹਾਲ ਦੀ ਘੜੀ ਵਿਰਾਮ ਚਿੰਨ੍ਹ ਲੱਗਿਆ ਹੋਣ ਦੇ ਬਾਵਜੂਦ ਮੋਦੀ ਸਰਕਾਰ ਕਰਤਾਰਪੁਰ ਲਾਂਘੇ ਨੂੰ ਪੂਰਾ ਕਰਨ ਲਈ ਜੀਅ ਤੋੜ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਭਾਵਨਾਵਾਂ ਪ੍ਰਤੀ ਮੋਦੀ ਸਾਹਿਬ ਦੇ ਮਨ ਵਿੱਚ ਇੰਨਾ ਸਤਿਕਾਰ ਹੈ ਕਿ ਪਾਕਿ ਵੱਲੋਂ ਭਾਰਤ ਖ਼ਿਲਾਫ ਪ੍ਰਮਾਣੂ ਜੰਗ ਛੇੜਣ ਦੀ ਦਿੱਤੀਆਂ ਧਮਕੀਆਂ ਵੀ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਲਾਂਘਾ ਮੁਕੰਮਲ ਕਰਨ ਤੋਂ ਰੋਕ ਨਹੀਂ ਪਾਈਆਂ ਹਨ।
ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਆਪਣੇ ਹਿੱਸੇ ਵਾਲਾ ਕਰਤਾਰਪੁਰ ਲਾਂਘਾ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਭਾਰਤ-ਪਾਕਿ ਵਿਚਲੇ ਤਣਾਅਪੂਰਨ ਸੰਬੰਧਾਂ ਦਾ ਪਰਛਾਵਾਂ ਕਿਸੇ ਵੀ ਰੂਪ ਵਿਚ ਇਸ ਪ੍ਰਾਜੈਕਟ ਉੱਤੇ ਨਾ ਪੈਣ ਦੇਣ।
ਸਰਦਾਰ ਮਜੀਠੀਆ ਆਸ ਪਾਸ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨਾਂ ਦੌਰਾਨ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਲਈ ਢੁੱਕਵੇਂ ਪ੍ਰਬੰਧ ਕਰਨ। ਉਹਨਾਂ ਕਿਹਾ ਕਿ ਇਸ ਪਵਿੱਤਰ ਮੌਕੇ ਉੱਤੇ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਾਨਕ ਨਾਮ ਲੇਵਾ ਸੰਗਤ ਦੀ ਸੇਵਾ ਕਰਨ।
ਕਿਸਾਨਾਂ ਦੇ ਗੰਨੇ ਦੇ ਬਕਾਏ ਨਾ ਦੇਣ ਲਈ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਖੰਡ ਮਿੱਲਾਂ ਵੱਲ ਰਹਿੰਦੇ 1200 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਦੱਬੀ ਬੈਠੀ ਹੈ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲ ਦੇ ਕਾਂਗਰਸੀ ਰਾਜ ਦੌਰਾਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਆਦਿ ਸਾਰਿਆਂ ਦੀ ਜਾਨ ਬੁੱਲ੍ਹਾਂ ਤੇ ਆਈ ਪਈ ਹੈ। ਉਹਨਾਂ ਨੇ ਪਰਕਾਸ਼ ਪੁਰਬ ਜਸ਼ਨਾਂ ਲਈ ਫੰਡ ਨਾ ਜਾਰੀ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਰੇ ਸਮਾਗਮ ਕੇਂਦਰੀ ਫੰਡਾਂ ਨਾਲ ਕਰਵਾਏ ਜਾ ਰਹੇ ਹਨ।
ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੂਬੇ ਅੰਦਰ ਬੇਰੋਕ ਹੋ ਰਹੀ ਗੈਰਕਾਨੂੰਨੀ ਰੇਤ ਮਾਈਨਿੰਗ ਬਾਰੇ ਲਾਏ ਦੋਸ਼ਾਂ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਗੈਰਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਕਿਉਂਕਿ ਇਸ ਦੇ ਆਪਣੇ ਆਗੂਆਂ ਦੀ ਇਸ ਗਲਤ ਧੰਦੇ ਵਿਚ ਵੱਡੀ ਹਿੱਸੇਦਾਰੀ ਹੈ, ਜਿਹੜਾ ਕਿ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ, ਸਗੋਂ ਸੂਬੇ ਦੇ ਵਾਤਾਵਰਣ ਲਈ ਵੀ ਖਤਰਾ ਖੜ੍ਹਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਤਾਜ਼ਾ ਆਏ ਹੜ੍ਹਾਂ ਦੀ ਇੱਕ ਵਜ੍ਹਾ ਗੈਰਕਾਨੂੰਨੀ ਮਾਈਨਿੰਗ ਵੀ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁੁਰਬਚਨ ਸਿੰਘ ਬੱਬੇਹਾਲੀ ਅਤੇ ਲਖਬੀਰ ਸਿੰਘ ਲੋਧੀਨੰਗਲ ਵੀ ਮੌਜੂਦ ਸਨ।