ਕਾਂਗਰਸ ਸਰਕਾਰ ਨੂੰ ਜੇਤੂ ਟੀਮ ਦਾ ਹਿੱਸਾ ਰਹੇ ਦੋਵੇਂ ਕ੍ਰਿਕਟਰਾ ਨੂੰ 5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਲਈ ਆਖਿਆ
ਚੰਡੀਗੜ੍ਹ/02 ਸਤੰਬਰ:ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਅ ਨੇ ਅੱਜ ਯੂਥ ਅਕਾਲੀ ਦਲ ਵੱਲੋਂ ਵਿਸ਼ਵ ਅੰਗਹੀਣ ਟੀ-20 ਕ੍ਰਿਕਟ ਚੈਂਪੀਅਨਸਿ਼ਪ ਵਿਚ ਇੰਗਲੈਂਡ ਨੂੰ ਹਰਾਉਣ ਵਾਲੀ ਭਾਰਤੀ ਟੀਮ ਵਿਚ ਖੇਡਣ ਵਾਲੇ ਅੰਗਹੀਣ ਕ੍ਰਿਕਟ ਖਿਡਾਰੀ ਗੁਰਜੰਟ ਸਿੰਘ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ।
ਕ੍ਰਿਕਟਰ ਨੂੰ ਚੈੱਕ ਦੇ ਕੇ ਉਸ ਦਾ ਸਨਮਾਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਜਲਦੀ ਹੀ ਦੂਜੇ ਖਿਡਾਰੀ ਮਨਦੀਪ ਸਿੰਘ ਦਾ ਵੀ ਸਨਮਾਨ ਕੀਤਾ ਜਾਵੇਗਾ, ਜੋ ਕਿ ਮੈਚ ਜਿੱਤਣ ਵਾਲੀ ਭਾਰਤੀ ਟੀਮ ਵਿਚ ਖੇਡਿਆ ਸੀ।
ਇਸ ਦੇ ਨਾਲ ਹੀ ਸਾਬਕਾ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਗੂੜ੍ਹੀ ਨੀਂਦ ਵਿਚੋਂ ਜਾਗ ਕੇ ਇਹਨਾਂ ਦੋਵੇਂ ਖਿਡਾਰੀਆਂ ਵੱਲੋਂ ਹਾਸਿਲ ਕੀਤੀ ਜਿੱਤ ਲਈ ਇਹਨਾਂ ਦਾ ਮਾਣ ਸਨਮਾਨ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਮਹਾਰਾਸ਼ਟਰ ਦੀ ਸਰਕਾਰ ਨੇ ਟੀ-20 ਚੈਂਪੀਅਨਸਿ਼ਪ ਜਿੱਤਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਖਿਡਾਰੀਆਂ ਦਾ ਇਸੇ ਤਰ੍ਹਾਂ ਮਾਣ ਵਧਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇਂਕਿ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਦਿਤੀ, ਇਹ ਘੱਟੋ ਘੱਟ ਇਹਨਾਂ ਦੋਵੇਂ ਨੌਜਵਾਨਾਂ ਨੂੰ ਤਾਂ ਅੰਗਹੀਣ ਕੈਟਾਗਰੀ ਵਿਚ ਸਰਕਾਰੀ ਨੌਕਰੀਆਂ ਦੇ ਸਕਦੀ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਦੀ ਜਿ਼ੰਮੇਵਾਰੀ ਬਣਦੀ ਹੈ ਕਿ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰਨ ਵਾਲੇ ਇਹਨਾਂ ਦੋਵੇਂ ਖਿਡਾਰੀਆਂ ਦਾ ਸਨਮਾਨ ਕਰੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਵਾਲੰਟੀਅਰਾਂ ਨੇ ਪੈਸੇ ਇਕੱਠੇ ਕਰਕੇ ਤਰਨ ਤਾਰਨ ਦੇ ਗੁਰਜੰਟ ਸਿੰਘ ਦਾ ਸਨਮਾਨ ਕੀਤਾ ਹੈ। ਇਸੇ ਤਰ੍ਹਾਂ ਜਲਦੀ ਹੀ ਉਹ ਦੂਜੇ ਖਿਡਾਰੀ ਮਨਦੀਪ ਸਿੰਘ ਦਾ ਵੀ ਸਨਮਾਨ ਕਰਨਗੇ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਪਰਮਬੰਸ ਸਿੰਘ ਬੰਟੀ ਰੋਮਾਣਾ, ਐਸਓਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਰਾਜੂਖੰਨਾ, ਸਰਬਜੋਤ ਸਾਬੀ, ਸਤਬੀਰ ਸਿੰਘ ਖੱਟੜਾ, ਬਲਜੀਤ ਸਿੰਘ ਜੱਲ੍ਹਾ ਉਸਮਾਂ ਅਤੇ ਪਰਮਿੰਦਰ ਸਿੰਘ ਬੋਹਾਰਾ ਵੀ ਸ਼ਾਮਿਲ ਸਨ।