ਚੰਡੀਗੜ•/17 ਨਵੰਬਰ:ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ ਉੱਤੇ ਉਹਨਾਂ ਨੂੰ ਭਾਵ-ਭਿੰਨੀਆਂ ਸ਼ਰਧਾਜ਼ਲੀ ਭੇਂਟ ਕੀਤੀ ਹੈ। ਬ੍ਰਿਗੇਡੀਅਰ ਚਾਂਦਪੁਰੀ ਦਾ ਸ਼ਨੀਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ।
ਭਾਰਤੀ ਫੌਜ ਦੇ ਇਸ ਦਲੇਰ ਨਾਇਕ ਨੂੰ ਦਿੱਤੇ ਆਪਣੇ ਸ਼ਰਧਾਂਜ਼ਲੀ ਸੁਨੇਹੇ ਵਿਚ ਸਰਦਾਰ ਬਾਦਲ ਨੇ ਕਿਹਾ ਹੈ ਕਿ ਦੇਸ਼ ਨੇ ਅੱਜ ਆਪਣਾ ਇੱਕ ਮਹਾਨ ਸਪੁੱਤਰ ਅਤੇ ਦੇਸ਼ਭਗਤ ਸਿਪਾਹੀ ਖੋ ਦਿੱਤਾ ਹੈ। ਸਰਦਾਰ ਚਾਂਦਪੁਰੀ ਦਾ ਵਿਛੋੜਾ ਬਹੁਤ ਕਸ਼ਟਾਇਕ ਰਹੇਗਾ।
ਆਪਣੇ ਸ਼ੋਕ ਸੁਨੇਹੇ ਵਿਚ ਸਰਦਾਰ ਬਾਦਲ ਨੇ ਬ੍ਰਿਗੇਡੀਅਰ ਚਾਂਦਪੁਰੀ ਨੂੰ ਇੱਕ ਅਜਿਹਾ ਯੋਧਾ ਦੱਸਿਆ ਜੋ ਕਿ ਸਾਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਦੇਸ਼ਭਗਤੀ ਅਤੇ ਬਹਾਦਰੀ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਹੋਇਆ ਸੀ।
ਸਰਦਾਰ ਬਾਦਲ ਨੇ ਇਸ ਬੇਮਿਸਾਲ ਜੰਗੀ ਨਾਇਕ ਨਾਲ ਆਪਣੀ ਲੰਬੀ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਬਣਾਈਆਂ ਜੰਗੀ ਯਾਦਗਾਰਾਂ ਲਈ ਹੌਂਸਲਾ ਅਤੇ ਪ੍ਰੇਰਣਾ ਦੇਣ ਵਾਲਿਆਂ ਵਿਚੋਂ ਇੱਕ ਸਨ।
ਇੱਥੇ ਦੱਸਣਯੋਗ ਹੈ ਕਿ ਬ੍ਰਿਗੇਡਅਰ ਚਾਂਦਪੁਰੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਰਾਜਸਥਾਨ ਵਿਚ ਲੌਂਗੇਵਾਲਾ ਦੀ ਪ੍ਰਸਿੱਧ ਲੜਾਈ ਦੌਰਾਨ ਸਿਰਫ 120 ਫੌਜੀਆਂ ਦੀ ਟੁਕੜੀ ਸਮੇਤ ਤੋਪਾਂ ਨਾਲ ਹਮਲੇ ਕਰਦਿਆਂ ਅੱਗੇ ਵਧ ਰਹੀ ਪਾਕਿਸਤਾਨੀ ਸੈਨਾ ਨੂੰ ਸਾਰੀ ਰਾਤ ਡੱਕ ਕੇ ਰੱਖਿਆ ਸੀ। ਉਸ ਸਮੇਂ ਉਹ ਫੌਜ ਦੇ ਮੇਜਰ ਸਨ।