ਆਸ ਪ੍ਰਗਟ ਕੀਤੀ ਕਿ ਵਾਦੀ ਵਿਚ ਲੋਕਤੰਤਰੀ ਪ੍ਰਕਿਰਿਆ ਦੀ ਬਹਾਲੀ ਲਈ ਜਲਦੀ ਹੋਰ ਆਗੂਆਂ ਦੀ ਰਿਹਾਈ ਕੀਤੀ ਜਾਵੇਗੀ
ਕਿਹਾ ਕਿ ਭਾਰਤ ਨੂੰ ਗਲੋਬਲ ਸ਼ਕਤੀ ਬਣਾਉਣ ਲਈ ਧਰਮ ਨਿਰਪੱਖ ਲੋਕਤੰਤਰੀ ਕਦਰਾਂ ਕੀਮਤਾਂ ਮੁੱਢਲੀ ਸ਼ਰਤ ਹਨ
ਚੰਡੀਗੜ੍ਹ/14 ਮਾਰਚ: ਅਕਾਲੀ ਸੁਪਰੀਮੋ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸੀਨੀਅਰ ਕਸ਼ਮੀਰੀ ਆਗੂ ਫਾਰੂਕ ਅਬਦੁੱਲਾ ਦੀ ਰਿਹਾਈ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਅਤੇ ਆਸ ਪ੍ਰਗਟਾਈ ਹੈ ਕਿ ਇਸ ਨਾਲ ਬਾਕੀ ਲੋਕਤੰਤਰੀ ਆਗੂਆਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਸਵਾਗਤਯੋਗ ਕਦਮ ਹੈ ਜੋ ਕਿ ਇੱਕ ਧਰਮ ਨਿਰਪੱਖ ਮੁਲਕ ਵਜੋਂ ਦੇਸ਼ ਦੇ ਅਕਸ ਨੂੰ ਉਭਾਰਨ ਵਿਚ ਮੱਦਦਗਾਰ ਸਾਬਿਤ ਹੋਵੇਗਾ।
ਸਰਦਾਰ ਬਾਦਲ ਨੇ ਇਹ ਵੀ ਆਸ ਪ੍ਰਗਟਾਈ ਕਿ ਵਾਦੀ ਅੰਦਰ ਲੋਕਤੰਤਰ ਅਤੇ ਸਿਵਲ ਅਧਿਕਾਰਾਂ ਦੀ ਬਹਾਲੀ ਵਾਸਤੇ ਢੁੱਕਵਾਂ ਮਾਹੌਲ ਬਣਾਉਣ ਲਈ ਅਜਿਹੇ ਹੋਰ ਵੀ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਵੱਲੋਂ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਸਤਿਕਾਰ ਨਾ ਸਿਰਫ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਮਾਜਿਕ ਸਥਿਰਤਾ ਦੀ ਮੁੱਢਲੀ ਸ਼ਰਤ ਹੈ, ਸਗੋਂ ਭਾਰਤ ਨੂੰ ਇੱਕ ਗਲੋਬਲ ਸ਼ਕਤੀ ਬਣਾਉਣ ਲਈ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਵੀ ਬਹੁਤ ਜਰੂਰੀ ਹੈ।