ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਝੋਨਾ ਮੰਡੀਆਂ 'ਚ ਰੁਲ ਰਿਹਾ ਹੈ, ਇਸ ਲਈ ਇਸ ਸਾਲ ਉਹਨਾਂ ਦੀ ਕਾਲੀ ਦੀਵਾਲੀ ਹੈ
ਚੰਡੀਗੜ•/06 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਸ ਸਾਲ ਪੰਜਾਬ ਦੇ ਕਿਸਾਨਾਂ ਦੀ ਕਾਲੀ ਦੀਵਾਲੀ ਹੈ। ਉਹ ਮੰਡੀਆਂ 'ਚ ਬੈਠੇ ਆਪਣਾ ਝੋਨਾ ਵਿਕਣ ਦੀ ਉਡੀਕ ਕਰ ਰਹੇ ਹਨ ਜਾਂ ਫਿਰ ਦੁਖੀ ਹੋ ਕੇ ਕੁੱਝ ਨੇ ਆਪਣੀ ਫਸਲ ਕੌਡੀਆਂ ਦੇ ਭਾਅ ਵੇਚ ਦਿੱਤੀ ਹੈ। ਇਹ ਸਭ ਇਸ ਕਾਂਗਰਸ ਸਰਕਾਰ ਦੀਆਂ ਨਾਕਸ ਨੀਤੀਆਂ ਦਾ ਨਤੀਜਾ ਹੈ, ਜਿਸ ਨੇ ਬਿਜਲੀ ਬਚਾਉਣ ਵਾਸਤੇ ਜਾਣ ਬੁੱਝ ਕੇ ਝੋਨੇ ਦੀ ਬਿਜਾਈ ਲੇਟ ਕਰਵਾਈ ਤਾਂ ਕਿ ਸਰਕਾਰੀ ਖ਼ਜ਼ਾਨੇ ਵਿਚ ਵਧੇਰੇ ਪੈਸਾ ਆ ਜਾਵੇ।
ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਨੇ ਝੋਨੇ ਦੀ ਬਿਜਾਈ ਲੇਟ ਕਰਵਾਉਣ ਦੇ ਫੈਸਲੇ ਨੂੰ 'ਗੰਨਾ ਨਹੀ ਦੇਣਾ, ਪਰ ਗੁੜ ਦੀ ਭੇਲੀ ਦੇ ਦੇਣਾ' ਕਰਾਰ ਦਿੱਤਾ ਹੈ, ਜਿਸ ਨੇ ਸੂਬੇ ਦੇ ਕਿਸਾਨਾਂ ਨੂੰ ਇੱਕ ਬਹੁਤ ਹੀ ਵੱਡੇ ਸੰਕਟ ਵਿਚ ਸੁੱਟ ਦਿੱਤਾ ਹੈ।
ਮਨੁੱਖੀ ਗਲਤੀ ਨਾਲ ਹੋਈ ਇਸ ਤਬਾਹੀ ਵਾਸਤੇ ਮੁੱਖ ਮੰਤਰੀ ਦੀ ਝਾੜਝੰਬ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਇੱਕ ਮੂਰਖਤਾ ਭਰਿਆ ਫੈਸਲਾ ਲਿਆ ਅਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰ ਦਿੱਤਾ। ਉਹਨਾਂ ਕਿਹਾ ਕਿ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਖੂਬ ਝਿੜਕਿਆ ਗਿਆ, ਪਰੰਤੂ ਜਿਹਨਾਂ ਕਿਸਾਨਾਂ ਨੂੰ ਲੇਟ ਬਿਜਾਈ ਕਰਨ ਲਈ ਮਜ਼ਬੂਰ ਕੀਤਾ ਗਿਆ, ਉਹਨਾਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਸਰਕਾਰ ਮੁਆਵਜ਼ਾ ਦੇਣ ਤੋਂ ਭੱਜ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਭਰ ਵਿਚੋਂ ਮਿਲ ਰਹੀਆਂ ਰਿਪੋਰਟਾਂ ਸਾਫ ਖੁਲਾਸਾ ਕਰਦੀਆਂ ਹਨ ਕਿ ਲੇਟ ਬਿਜਾਈ ਨਾਲ ਝੋਨੇ ਦੀ ਫਸਲ ਨੂੰ ਦੋਹਰੀ ਮਾਰ ਪਈ ਹੈ। ਇੱਕ ਤਾਂ ਝਾੜ 15 ਤੋਂ 20 ਫੀਸਦੀ ਘਟ ਗਿਆ ਅਤੇ ਦੂਜਾ ਫਸਲ ਅੰਦਰ ਨਮੀ ਦੀ ਮਾਤਰਾ 20 ਤੋਂ 23 ਫੀਸਦੀ ਹੈ, ਜਿਹੜੀ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਤੈਅ ਨਿਯਮਾਂ ਤੋਂ ਕਿਤੇ ਜ਼ਿਆਦਾ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਗਈ। ਝਾੜ ਘਟਣ ਨਾਲ ਕਿਸਾਨਾਂ ਨੂੰ ਝੋਨੇ ਤੋਂ ਹੋਣ ਵਾਲੀ ਆਮਦਨ 20 ਤੋਂ 25 ਫੀਸਦੀ ਤਕ ਘਟ ਜਾਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਵੀ ਵੱਧ ਤਕਲੀਫਦੇਹ ਗੱਲ ਇਹ ਹੈ ਕਿ ਫਸਲ ਵਿਚ ਜ਼ਿਆਦਾ ਨਮੀ ਦੀ ਮਾਤਰਾ ਨੇ ਕਿਸਾਨਾਂ ਦੀਆਂ ਤਕਲੀਫਾਂ ਨੂੰ ਹੋਰ ਵਧਾ ਦਿੱਤਾ ਹੈ। ਖਰੀਦ ਏਜੰਸੀਆਂ ਇੰਨੀ ਜ਼ਿਆਦਾ ਨਮੀ ਵਾਲੀ ਫਸਲ ਖਰੀਦਣ ਤੋਂ ਇਨਕਾਰੀ ਹਨ, ਕਮਿਸ਼ਨ ਏਜੰਟ ਪ੍ਰਤੀ ਕੁਇੰਟਲ ਝੋਨੇ ਪਿੱਛੇ 10 ਤੋਂ 12 ਫੀਸਦੀ ਕਟੌਤੀ ਕਰਦੇ ਹੋਏ ਕਿਸਾਨਾਂ ਨੂੰ ਸਿਰਫ 90 ਕਿਲੋ ਦੇ ਪੈਸੇ ਦੇ ਰਹੇ ਹਨ।
ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਕਿਸਾਨਾਂ ਦੀ ਝੋਨੇ ਤੋਂ ਹੋਣ ਵਾਲੀ ਆਮਦਨ ਵਿਚ 40 ਫੀਸਦੀ ਤੋਂ ਵੱਧ ਗਿਰਾਵਟ ਆ ਗਈ ਹੈ, ਜੋ ਕਿ ਪਹਿਲਾਂ ਤੋਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਤਬਾਹਕੁਨ ਹੈ।
ਕਾਂਗਰਸ ਸਰਕਾਰ ਦੀ ਕਿਸਾਨ ਵਿਰੋਧੀ ਮਾਨਸਿਕਤਾ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਨੂੰ ਬਾਕੀ ਰਿਆਇਤਾਂ ਦੇਣ ਤੋਂ ਇਲਾਵਾ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਪਰੰਤੂ ਹੁਣ ਇਹ ਉਲਟਾ ਕਿਸਾਨਾਂ ਦੀ ਵੈਰੀ ਬਣ ਗਈ ਹੈ ਅਤੇ ਕਿਸਾਨਾਂ ਦੀ ਤਕਲੀਫਾਂ ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ ਹੈ। ਕਿਸਾਨਾਂ ਦੀ ਹਾਲਤ ਦਿਨ ਬ ਦਿਨ ਮੰਦੀ ਹੁੰਦੀ ਜਾ ਰਹੀ ਹੈ ਅਤੇ ਕਾਂਗਰਸ ਸਰਕਾਰ ਘੂਕ ਸੁੱਤੀ ਪਈ ਹੈ।