ਪਟਿਆਲਾ, 27 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਪੰਜਾਬ ਸਰਕਾਰ ਕੋਲ ਦੂਰਦ੍ਰਿਸ਼ਟੀ ਅਤੇ ਦ੍ਰਿੜ•ਤਾ ਦੀ ਘਾਟ ਨੇ ਰਾਜ ਵਿਚ ਮੈਡੀਕਲ ਸਿੱਖਿਆ ਖੇਤਰ ਤਬਾਹ ਕਰ ਦਿੱਤਾ ਹੈ ਤੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵੱਲ ਧੱਕ ਦਿੱਤਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜ ਵਿਚ ਪਿਛਲੇ ਦੋ ਸਾਲਾਂ ਦੌਰਾਨ 400 ਮੈਡੀਕਲ ਸੀਟਾਂ ਦਾ ਨੁਕਸਾਨ ਹੋਇਆ ਹੈ। ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਗਿਆਨ ਸਾਗਰ ਹਸਪਤਾਲ ਬੰਦ ਹੋਣ ਨਾਲ 100 ਅਤੇ ਚਿੰਤਪੂਰਨੀ ਮੈਡੀਕਲ ਕਾਲਜ ਬੰਦ ਹੋਣ ਨਾਲ 150 ਸੀਟਾਂ ਦਾ ਨੁਕਸਾਨ ਹੋਇਆ। ਇਸੇ ਤਰ•ਾਂ ਮੈਡੀਕਲ ਕੌਂਸਲ ਆਫ ਇੰਡੀਆ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਤੇ ਦੋਹਾਂ ਦੀਆਂ 50-50 ਸੀਟਾਂ ਖੁੱਸਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਏਮਜ਼ ਨੂੰ ਸ਼ੁਰੂ ਨਾ ਕਰ ਕੇ 100 ਸੀਟਾਂ ਦਾ ਖੁਦ ਨੁਕਸਾਨ ਕਰਵਾ ਲਿਆ ਹੈ ਜਦਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰਤੀਸ਼ਠਤ ਪ੍ਰਾਜੈਕਟ ਨੂੰ ਪੂਰਾ ਕਰਵਾਉਣ ਵਾਸਤੇ ਪੂਰੀ ਵਾਹ ਲਗਾਈ ਹੈ।
ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਮੈਡੀਕਲ ਸਿੱਖਿਆ ਵਿਭਾਗ ਵਿਚ ਭਰਤੀ ਨਹੀਂ ਕਰ ਸਕੀ ਤੇ ਇਸਨੇ ਰਾਜ ਦੇ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵੱਲ ਧੱਕ ਦਿੱਤਾ ਹੈ।
ਚੋਣਾਂ ਬਾਰੇ ਸਵਾਲ ਦੇ ਜਵਾਬ ਵਿਚ ਡਾ. ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਆਪੋ ਆਪਣੀ ਵਿਚਾਰਧਾਰਾ ਨੂੰ ਦੁਰਕਿਨਾਰ ਕਰ ਕੇ ਮਹਾਂਗਠਜੋੜ ਬਣਾਉਣ ਦੇ ਯਤਨ ਹੀ ਇਹਨਾਂ ਪਾਰਟੀਆਂ ਦੀ ਹਾਲਤ ਬਿਆਨ ਕਰਦੇ ਹਨ ਕਿਉਂਕਿ ਇਹਨਾ ਨੇ ਮਹਿਸੂਸ ਕਰ ਲਿਆ ਹੈ ਕਿ ਦੇਸ਼ ਦੇ ਲੋਕ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਹਨ ਤੇ ਪੰਜ ਸਾਲਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ।
ਉਹਨਾਂ ਕਿਹਾ ਕਿ ਅਜਿਹੇ ਹੀ ਹਾਲਾਤ ਪੰਜਾਬ ਵਿਚ ਹਨ ਜਿਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਕਰਨ ਦੀ ਫਿਰਾਕ ਵਿਚ ਹਨ ਤੇ ਕਈ ਛੋਟੀਆਂ ਛੋਟੀਆਂ ਪਾਰਟੀਆਂ ਨੇ ਵੀ ਗਠਜੋੜ ਕਰ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦਾ ਨੁਕਸਾਨ ਕਰਨ ਦੇ ਯਤਨ ਕੀਤੇ ਹਨ ਕਿਉਂਕਿ ਇਹ ਲੋਕ ਜਾਣ ਗਏ ਹਨ ਕਿ ਸੂਬੇ ਦੇ ਲੋਕ ਪੂਰੀ ਤਰ•ਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਨਾਲ ਹਨ ਤੇ ਇਹ ਗਠਜੋੜ ਹੀ ਸੂਬੇ ਵਿਚ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ।
ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਆਖਿਆ ਕਿ ਪਾਰਟੀ ਨੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਫੈਸਲਾ ਲੈਣ ਦੇ ਅਧਿਕਾਰ ਦੇ ਦਿੱਤੇ ਹਨ ਤੇ ਛੇਤੀ ਹੀ ਫੈਸਲਾ ਲਿਆ ਜਾਵੇਗਾ ਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਉਮੀਦਵਾਰਾਂ ਦੀ ਜਿੱਤਣ ਦੀ ਸਮਰਥਾ ਦਾ ਮੁਲਾਂਕਣ ਕਰਨ ਦੇ ਅੰਤਿਮ ਪੜਾਅ ਵਿਚ ਹੈ।
ਪੰਜਾਬ ਸਰਕਾਰ 'ਤੇ ਵਰ•ਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਸਮਾਜ ਦੇ ਹਰ ਵਰਗ ਭਾਵੇਂ ਕਿਸਾਨ, ਦਲਿਤ, ਨੌਜਵਾਨ, ਮੁਲਾਜ਼ਮ ਤੇ ਹੋਰ ਵਰਗ ਹਨ, ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਹੋਰਨਾਂ ਰਾਜਾਂ ਵਿਚ ਵੀ ਇਹੋ ਕੁਝ ਕੀਤਾ ਜਿਥੇ ਇਸਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਤੇ ਹੋਰ ਵਾਅਦੇ ਕੀਤੇ। ਉਹਨਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀ ਵਾਅਦਿਆਂ ਨੂੰ ਪੂਰਾ ਕਰਨ ਦੀ ਆਦਤ ਤੋਂ ਭਲੀ ਭਾਂਤ ਜਾਣੂ ਹਨ ਤੇ ਉਹ ਸ੍ਰੀ ਰਾਹੁਲ ਗਾਂਧੀ ਵੱਲੋਂ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਪ੍ਰਤੀ ਸਾਲ ਦੇਣ ਦੇ ਐਲਾਨ 'ਤੇ ਇਤਬਾਰ ਨਹੀਂ ਕਰਨਗੇ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਾਹਲੀ ਨਾਲ ਇਸ ਯੋਜਨਾ ਦਾ ਸਵਾਗਤ ਕਰ ਦਿੱਤਾ ਹੈ ਪਰ ਉਹਨਾਂ ਇਹ ਨਹੀਂ ਵੇਖਿਆ ਕਿ ਪੰਜਾਬ ਦੇ ਲੋਕਾਂ ਨੂੰ ਇਸ ਯੋਜਨਾ ਦਾ ਕੋਈ ਲਾਭ ਨਹੀਂ ਕਿਉਂਕਿ ਇਸ ਸਕੀਮ ਤਹਿਤ ਤੈਅ ਕੀਤੀ ਆਮਦਨ ਹੱਦ ਤੋਂ ਪੰਜਾਬ ਦੇ ਸਾਰੇ ਹੀ ਲੋਕਾਂ ਦੀ ਆਮਦਨ ਹੱਦ ਜ਼ਿਆਦਾ ਹੈ।
ਕਾਂਗਰਸ ਦੇ ਸਥਾਨਕ ਆਗੂ ਵੱਲੋਂ ਕਾਂਗਰਸ ਹਾਈ ਕਮਾਂਡ ਖਿਲਾਫ ਬੋਲਣ ਦੇ ਮਾਮਲੇ 'ਤੇ ਡਾ. ਚੀਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਬੂਥਾਂ 'ਤੇ ਕਬਜ਼ੇ ਕਰਕੇ ਨਗਰ ਨਿਗਮ 'ਤੇ ਤਾਂ ਕਬਜ਼ਾ ਕਰ ਲਿਆ ਸੀ ਪਰ ਇਹ ਕਲੌਲੀਆਂ ਅਤੇ ਲੋਕਾਂ ਦੇ ਘਰਾਂ 'ਤੇ ਕਬਜ਼ੇ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਹੇਠਲੇ ਪੱਧਰ ਦੇ ਇਹ ਆਗੂ ਆਪੋ ਆਪਣੇ ਇਲਾਕੇ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਿਛਲੇ ਦੋ ਸਾਲਾਂ ਵਿਚ ਕੋਈ ਵਿਕਾਸ ਨਹੀਂ ਹੋਇਆ। ਉਹਨਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜਕਾਲ ਅਤੇ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹ ਇਹਨਾਂ ਸਥਾਨਕ ਕਾਂਗਰਸੀ ਆਗੂਆਂ ਨੂੰ ਸਵਾਲ ਕਰ ਰਹੇ ਹਨ ਤੇ ਇਹਨਾਂ ਨੂੰ ਜ਼ਲੀਲ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹਲ, ਸੁਰਜੀਤ ਸਿੰਘ ਰੱਖੜਾ, ਕਰਨਲ ਬੀ ਪੀ ਐਸ ਚੀਮਾ, ਸੁਖਵਿੰਦਰਪਾਲ ਸਿੰਘ ਮਿੰਟਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਜਗਜੀਤ ਸਿੰਘ ਕੋਹਲੀ, ਰਾਜਿੰਦਰ ਸਿੰਘ ਮਹਿਤਾ ਤੇ ਹੋਰ ਪਤਵੰਤੇ ਹਾਜ਼ਰ ਸਨ।