ਪੰਜਾਬ ਦੇ ਦਰਿਆਈ ਪਾਣੀਆਂ ਦੇ ਹਿਤਾਂ ਨਾਲ ਸਮਝੌਤਾ ਨਾ ਕਰਨ ਅਮਰਿੰਦਰ : ਸੁਖਬੀਰ ਬਾਦਲ
ਰਾਈਪੇਰੀਅਨ ਸਿਧਾਂਤ ਤਹਿਤ ਸੂਬੇ ਦੇ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਨੂੰ ਡਟਵੀਂ ਹਮਾਇਤ ਦੇਵੇਗਾ
ਪੰਜਾਬ ਕੋਲ ਦੇਣ ਲਈ ਇਕ ਬੂੰਦ ਵੀ ਪਾਣੀ ਫਾਲਤੂ ਨਹੀਂ : ਸੁਖਬੀਰ
ਚੰਡੀਗੜ•, 17 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਰਿਆਈ ਪਾਣੀ ਦੇ ਮਾਮਲੇ 'ਤੇ ਸੂਬੇ ਦੇ ਹਿਤਾਂ ਨਾਲ ਕਿਸੇ ਵੀ ਤਰੀਕੇ ਸਮਝੌਤਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਤੇ ਕਿਹਾ ਕਿ ਦਰਿਆਈ ਪਾਣੀ ਸਰਹੱਦੀ ਸੂਬੇ ਦੇ ਲੋਕਾਂ ਖਾਸ ਤੌਰ 'ਤੇ ਕਿਸਾਨਾਂ ਦੀ ਜੀਵਨ ਰੇਖਾ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਸਿਆਸੀ ਵਿਚਾਰਾਂ ਤੋਂ ਉਪਰ ਉਠ ਕੇ ਉਨਾ ਚਿਰ ਉਹਨਾਂ ਦੀ ਪੁਰਜ਼ੋਰ ਹਮਾਇਤ ਕਰੇਗਾ ਜਿੰਨਾ ਚਿਰ ਉਹ ਪੰਜਾਬ ਦੇ ਲੰਬੇ ਸਮੇਂ ਤੋਂ ਅਤੇ ਸੰਵਿਧਾਨਕ ਤੌਰ 'ਤੇ ਵਾਜਬ ਰਾਈਪੇਅਰੀਅਨ ਸਿਧਾਂਤ 'ਤੇ ਆਧਾਰਿਤ ਸਟੈਂਡ ਮੁਤਾਬਕ ਕੰਮ ਕਰਨਗੇ। ਉਹਨਾਂ ਕਿਹਾ ਕਿ ਅਸੀਂ ਰਾਈਪੇਰੀਅਨ ਸਿਧਾਂਤ 'ਤੇ ਚਲਦਿਆਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦੇ ਹਿਤਾਂ ਦੀ ਰਾਖੀ ਲਈ ਤੁਹਾਡੇ ਯਤਨਾਂ ਦੀ ਪੁਰਜ਼ੋਰ ਹਮਾਇਤ ਕਰਾਂਗੇ। ਉਹਨਾਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਹੀ ਨਹੀਂ ਜੋ ਇਸ ਵਿਚੋਂ ਜਾਵੇ। ਉਹਨਾਂ ਕਿਹਾ ਕਿ ਪੰਜਾਬ ਇਕਲੌਤਾ ਸੂਬਾ ਹੈ ਜਿਥੇ ਇਸ ਕੋਲ ਪਾਣੀ ਦੀ ਉਪਲਬਧਤਾ ਨਾ ਹੋਣ ਦਾ ਜ਼ਿਕਰ ਕੀਤੇ ਬਗੈਰ ਇਕ ਨਹਿਰ ਉਸਾਰੇ ਜਾਣ ਦੀ ਆਸ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਦੀ ਅਹਿਮੀਅਤ ਇਸ ਗੱਲੋਂ ਵੀ ਵੱਧ ਜਾਂਦੀ ਹੈ ਕਿਉਂਕਿ ਇਹ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਹੋ ਰਹੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਆਇਆ ਹੈ। ਉਹਨਾਂ ਕਿਹਾ ਕਿ ਦਰਿਆਈ ਪਾਣੀ ਦੀ ਵੰਡ ਅਤੇ ਕੇਂਦਰ ਵੱਲੋਂ ਇਸ 'ਤੇ ਫੈਸਲਾ ਦੇਣ ਦੀ ਤਾਕਤ ਉਹਨਾਂ ਦਲੀਲਾਂ ਦਾ ਹਿੱਸਾ ਹੈ ਹਨ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਅੱਗੇ ਰੱਖੀਆਂ ਹਨ ਤੇ ਜਿਸ ਵਿਚ ਉਹਨਾਂ ਨੇ ਪੰਜਾਬ ਪੁਨਰਗਠਨ ਐਕਟ 1966 ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦਿੱਤੀ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਤੌਰ 'ਤੇ ਐਲਾਨ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ ਹੈ ਜੋ ਕਿਸੇ ਨੂੰ ਦਿੱਤੀ ਜਾਵੇ ਅਤੇ ਇਹ ਵੀ ਇਕ ਸੱਚਾਈ ਹੈ ਕਿ ਅਸੀਂ ਪਾਣੀ ਦੀ ਕਮੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਤੇ ਸੂਬੇ ਦੇ 85 ਫੀਸਦੀ ਬਲਾਕਾਂ ਵਿਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਤੇ ਵਿਸ਼ਵ ਦਾ ਸ਼ਾਇਦ ਇਕਲੌਤਾ ਖੇਤਰ ਹੈ ਜਿਥੇ ਰਾਈਪੇਰੀਅਨ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਹੈ। ਉਹਨਾਂ ਕਿਹਾ ਕਿ ਦੁਨੀਆਂ ਵਿਚ ਕਿਤੇ ਵੀ ਤੁਹਾਨੂੰ ਅਜਿਹਾ ਵੇਖਣ ਨੂੰ ਨਹੀਂ ਮਿਲੇਗਾ ਕਿ ਜਿਸ ਖਿੱਤੇ ਵਿਚੋਂ ਦਰਿਆ ਲੰਘਦਾ ਹੋਵੇ ਉਸਦੇ ਲੋਕਾਂ ਨੂੰ ਉਸਦਾ ਪਾਣੀ ਦੇਣ ਤੋਂ ਇਨਕਾਰ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੁਨੀਆਂ ਦਾ ਇਕਲੌਤਾ ਸੂਬਾ ਹੈ ਜਿਸ ਨਾਲ ਅਨਿਆਂ ਹੋਇਆ ਤੇ ਇਹ ਲਗਾਤਾਰ ਜਾਰੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਹੀ ਸੂਬੇ ਨਾਲ ਬਹੁਤ ਅਨਿਆਂ ਹੋ ਚੁੱਕਾ ਹੈ ਤੇ ਇਸਨੂੰ ਇਸਦੇ ਦਰਿਆਈ ਪਾਣੀਆਂ ਤੇ ਰਾਜਧਾਨੀ ਸ਼ਹਿਰ ਤੋਂ ਇਨਕਾਰ ਕਰਨ ਸਮੇਤ ਖੇਤਰੀ ਮੁੱਦਿਆਂ ਦੋਵਾਂ 'ਤੇ ਕਾਨੂੰਨੀ ਤੇ ਸੰਵਿਧਾਨਕ ਹੱਕ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਰਾਈਪੇਰੀਅਨ ਸਿਧਾਂਤ 'ਤੇ ਡੱਟ ਕੇ ਪਹਿਰਾ ਦੇਣ। ਉਹਨਾਂ ਕਿਹਾ ਕਿ ਅਜਿਹਾ ਕਰਨ ਵਿਚ ਅਸੀਂ ਉਹਨਾਂ ਦੀ ਬਿਨਾਂ ਸ਼ਰਤ ਪੁਰਜ਼ੋਰ ਹਮਾਇਤ ਕਰਾਂਗੇ।