ਅੰਮ੍ਰਿਤਸਰ, 25 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਦੋ ਸਾਲ ਪਹਿਲਾਂ ਵਾਪਰੇ ਦੁਸ਼ਹਿਰਾ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਬੇਰੁਖੀ ਤੇ ਬੇਦਿਲੀ ਵਿਖਾਈ ਤੇ ਉਹਨਾਂ ’ਤੇ ਕੋਈ ਤਰਸ ਨਹੀਂ ਖਾਧਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੇਵੱਸ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੇ ਦਿਲ ਵਿਚ ਨਾ ਤਾਂ ਤਰਸ ਵਿਖਾਇਆ ਹੈ ਤੇ ਨਾ ਹੀ ਹਮਦਰਦੀ ਵਿਖਾਈ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹਨਾਂ ਦੀ ਅੰਤਰ ਆਤਮਾ ਵੀ ਉਹਨਾਂ ਨੂੰ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਕੀਤੇ ਵਾਅਦੇ ਅਨੁਸਾਰ ਪਰਿਵਾਰ ਦੇ ਇਕ ਇਕ ਜੀਅ ਨੂੰ ਨੌਕਰੀ ਦੇਣ ਲਈ ਕੀਤੇ ਵਾਅਦੇ ਪੂਰੇ ਕਰਨ ਪ੍ਰਤੀ ਝੰਜੋੜਦੀ ਨਹੀਂ ਹੈ।
ਅਕਾਲੀ ਦਲ ਦੇ ਆਗੂ ਨੇ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਪਾਖੰਡ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤ੍ਰਾਸਦੀ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਉਹ ਖੇਡਾਂ ਖੇਡ ਰਹੇ ਹਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਕਦੇ ਵੀ ਮੁਆਫ ਨਾ ਕੀਤਾ ਜਾ ਸਕਣ ਵਾਲਾ ਅਣਮਨੁੱਖੀ ਗੁਨਾਹ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਪੀੜਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਫਿਰ ਇਹਨਾਂ ਭਾਵਨਾਵਾਂ ਨੂੰ ਕੁਚਲ ਦਿੱਤਾ ਤੇ ਪਰਿਵਾਰਾਂ ਨਾਲ ਕੀਤੇ ਉਹਨਾਂ ਦੇ ਬੱਚਿਆਂ ਦੀ ਫੀਸ ਅਦਾ ਕਰਨ ਤੇ ਕੀਤੇ ਹੋਰ ਵਾਅਦੇ ਪੂਰੇ ਨਹੀਂ ਕੀਤੇ ਤੇ ਬੇਸ਼ਰਮੀ ਨਾਲ ਸਿੱਧੂ ਵਾਅਦਿਆਂ ਤੋਂ ਭੱਜ ਗਏ। ਉਹਨਾਂ ਕਿਹਾ ਕਿ ਸਿੱਧੂ ਨੇ ਅੱਜ ਤੱਕ ਮੁੜ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨਹੀਂ ਕੀਤੀ।
ਸ੍ਰੀ ਵਲਟੋਹਾ ਨੇ ਮੁੜ ਦੁਹਰਾਇਆ ਕਿ ਪਾਰਟੀ ਪੀੜਤ ਪਰਿਵਾਰਾਂ ਲਈ ਨਿਆਂ ਚਾਹੁੰਦੀ ਹੈ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਮਨੁੱਖ ਵੱਲੋਂ ਇਹ ਤ੍ਰਾਸਦੀ ਉਦੋਂ ਸਹੇੜੀ ਗਈ ਜਦੋਂ 2018 ਵਿਚ ਦੁਸ਼ਹਿਰੇੇ ਵਾਲੇ ਦਿਨ ਇਹ ਦੁਖਾਂਤ ਵਾਪਰਿਆ। ਉਹਨਾਂ ਕਿਹਾ ਕਿ ਇਹ ਦੁਖਾਂਤ ਅਣਕਿਆਸਾ ਸੀ ਜਿਸਨੇ ਪੀੜਤ ਪਰਿਵਾਰਾਂ ਦੇ ਮਨਾਂ ’ਤੇ ਨਾ ਮਿੱਟਣ ਵਾਲੀ ਛਾਪ ਛੱਡ ਦਿੱਤੀ।
ਸ੍ਰੀ ਵਲਟੋਹਾ ਨੇ ਕਿਹਾ ਕਿ ਹਾਦਸੇ ਵਿਚ 59 ਲੋਕਾਂ ਨੇ ਆਪਣੀ ਜਾਨ ਗੁਆ ਲਈ ਤੇ 60 ਹੋਰ ਉਦੋਂ ਜ਼ਖ਼ਮੀ ਹੋ ਗਏ ਜਦੋਂ ਤੇਜ਼ ਰਫਤਾਰ ਰੇਲ ਜੌੜਾ ਫਾਟਕ ਵਿਖੇ ਰਾਵਣ ਦੇ ਸੜਦੇ ਪੁਤਲੇ ਵੇਖਣ ਲਈ ਇਕੱਤਰ ਹੋਈ ਭੀੜ ਦੇ ਉਪਰੋਂ ਦੀ ਲੰਘ ਗਈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਵਿਅਕਤੀ ਵੱਲੋਂ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਜੇਕਰ ਸਿੱਧੂ ਜੋੜੇ ਨੇ ਭੋਰਾ ਵੀ ਜ਼ਿੰਮੇਵਾਰੀ ਵਿਖਾਈ ਹੁੰਦੀ ਤੇ ਇਸ ਪ੍ਰੋਗਰਾਮ ਨਾਲ ਆਪਣਾ ਕੋਈ ਸਬੰਧ ਨਾ ਹੋਣ ਦੀ ਗੱਲ ਕਰਦੇ ਜੋ ਕਿ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ ਦੇ ਹੋ ਰਿਹਾ ਸੀ।
ਸਰਦਾਰ ਵਲਟੋਹਾ ਨੇ ਕਿਹਾ ਕਿ ਭਾਵੇਂ ਘਟਨਾ ਵਿਚ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਪਰ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸੂਬਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਜਾਂਚ ਦਾ ਮਕਸਦ ਕਾਂਗਰਸੀਆਂ ਨੂੰ ਬਚਾਉਣਾ ਸੀ ਜੋ ਕਿ ਇਸ ਦੁਖਾਂਤ ਵਿਚ ਸਿੱਧੇ ਤੌਰ ’ਤੇ ਸ਼ਾਮਲ ਸਨ।
ਉਹਨਾਂ ਕਿਹਾ ਕਿ ਤਤਕਾਲੀ ਕੈਬਨਿਟ ਮੰਤਰੀ ਤੇ ਉਸਦੀ ਪਤਨੀ, ਜਿਹਨਾਂ ਦੇ ਨੇੜਲੇ ਵਿਅਕਤੀ ਨੇ ਇਹ ਪ੍ਰੋਗਰਾਮ ਆਯੋਜਿਤ ਕੀਤਾ , ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਮਾਮਲੇ ’ਤੇ ਮਿੱਟੀ ਪਾਉਣ ਲਈ ਇਸਦੀ ਅਗਲੇਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ।
ਸ੍ਰੀ ਵਲਟੋਹਾ ਨੇ ਕਿਹਾ ਕਿ ਭਾਵੇਂ ਸਾਰੇ ਸਬੂਤ ਮੌਜੂਦ ਸਨ ਪਰ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੰਕਟ ਵਿਚ ਫਸੇ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਤੋਂ ਨਾਂਹ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਇਹਨਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਫਿਰ ਇਹ 24 ਘੰਟਿਆਂ ਵਿਚ ਹੀ ਕਾਰਵਾਈ ਕਰ ਸਕਦੀ ਸੀ। ਉਹਨਾਂ ਕਿਹਾ ਕਿ 2 ਸਾਲ ਬਾਅਦ ਵੀ ਪੀੜਤ ਪਰਿਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਨੌਕਰੀਆਂ ਪ੍ਰਾਪਤ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।