ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਦੋ ਅਧਿਕਾਰੀਆਂ ਤੋਂ ਇਲਾਵਾ 400 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਹੋਏ
ਅੰਮ੍ਰਿਤਸਰ, 29 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ 'ਤੇ ਹਿੰਸਕ ਹਮਲਾ ਕਰਨ ਵਾਲੇ ਵਿਘਨ ਪਾਉਣ ਵਾਲੇ ਤੱਤਾਂ ਨੂੰ ਸਪਾਂਸਰ ਕਰਨ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਅਤੇ ਪਾਰਟੀ ਨੇ ਚੇਤਾਵਨੀ ਦਿੱਤੀ ਕਿ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਦਾ ਸੂਬੇ ਦੀ ਸ਼ਾਂਤੀ 'ਤੇ ਖਤਰਨਾਕ ਅਸਰ ਪੈ ਸਕਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਤੇ ਵੀਰ ਸਿੰਘ ਲੋਪੋਕੇ ਨੇ ਵਿਘਨ ਪਾਉਣ ਵਾਲੇ ਤੱਤਾਂ ਦੀ ਪੁਸ਼ਤ ਪਨਾਹੀ ਕਰਨ ਲਈ ਕਾਂਗਰਸ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹੀ ਪਾਰਟੀ ਤੇ ਸਰਕਾਰ 24 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ 'ਤੇ ਹੋਏ ਹਮਲੇ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਦੋ ਅਧਿਕਾਰੀਆਂ ਤੋਂ ਇਲਾਵਾ 400 ਅਣਪਛਾਤੇ ਵਿਅਕਤੀਆਂ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਨੇ ਬੀਤੇ ਤੋਂ ਕੋਈ ਸਬਕ ਨਹੀਂ ਸੱਖਿਆ ਤੇ ਹੁਣ ਉਹ ਉਸੇ ਰਾਹ 'ਤੇ ਚਲ ਰਹੇ ਹਨ ਜਿਸ ਨਾਲ ਸੂਬੇ ਵਿਚ ਗੜਬੜ ਹੋਈ ਸੀ ਤੇ ਸੂਬਾ ਕਈ ਦਹਾਕੇ ਪਛੜ ਗਿਆ ਸੀ।
ਸ੍ਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸੀ ਵਿਰਸਾ ਸਿੰਘ ਵਲਟੋਹਾ ਜਿਹਨਾਂ ਨੇ 24 ਅਕਤੂਬਰ ਨੂੰ ਫਟੜ ਹੋਏ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਮੈਂਬਰਾਂ ਦਾ ਹਾਲਾ ਚਾਲ ਪੁੱਛਿਆ, ਨੇ ਕਿਹਾ ਕਿ ਸੁਰਜੀਤ ਸਿੰਘ ਖੋਸਾ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਸਮੇਤ ਹਮਲਾਵਰਾਂ ਨੇ ਨਾ ਸਿਰਫ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਮਰਿਆਦਾ ਦੀ ਉਲੰਘਣਾ ਕੀਤੀ ਬਲਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਰੋਸ ਮੁਜ਼ਾਹਰੇ ਵੀ ਕੀਤੇ। ਉਹਨਾਂ ਕਿਹਾ ਕਿ ਬਹੁਤੇ ਵਿਖਾਵਾਕਾਰੀ ਕਾਂਗਰਸ ਦੇ ਪਿੱਠੂ ਸਨ ਤੇ ਸੁਰਜੀਤ ਸਿੰਘ ਖੋਸਾ ਤਾਂ ਨਵਜੋਤ ਸਿੰਘ ਸਿੱਧੂ ਨਾਲ ਜੁੜਿਆ ਹੈ ਜਦਕਿ ਮਨਜੀਤ ਸਿੰਘ ਝਬਾਲ ਪਰਮਜੀਤ ਸਿੰਘ ਸਰਨਾ ਨਾਲ ਜੁੜਿਆ ਹੈ ਜਦਕਿ ਤਰਲੋਚਨ ਸਿੰਘ ਧਰਮਵੀਰ ਅਗਨੀਹੋਤਰੀ ਦਾ ਨੇੜਲਾ ਸਾਥੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਧਰਮੀ ਫੌਜੀ ਸਰਬਜੀਤ ਸਿੰਘ ਤੇ ਐਡੀਸ਼ਨਲ ਸੈਕਟਰੀ ਵਿਜੇ ਸਿੰਘ ਸਮੇਤ ਜਿਹਨਾਂ 'ਤੇ ਹਮਲਾ ਕੀਤਾ ਗਿਆ ਹੈ, ਉਹਨਾਂ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਚੁੱਕਾ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਜਿਥੋਂ ਤੱਕ ਲਾਪਤਾ ਸਰੂਪਾਂ ਦਾ ਮਾਮਲਾ ਹੈ, ਇਸਦਾ ਖੁਲ•ਾਸਾ ਸ਼੍ਰੋਮਣੀ ਕਮੇਟੀ ਨੈ ਹੀ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਪਬਲੀਕੇਸ਼ਨ ਵਿੰਗ ਦੇ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੂੰ ਦੰਡ ਲਾ ਕੇ ਕਾਰਵਾਈ ਕੀਤੀ। ਸੁਪਰਵਾਈਜ਼ਰ ਨੇ ਆਪਣੀ ਗਲਤੀ ਵੀ ਮੰਨੀ ਪਰ ਹੁਣ ਇਸੇ ਵਿਅਕਤੀ ਦਾ ਸੌੜੇ ਹਿੱਤਾਂ ਵਾਲੇ ਬਚਾਅ ਕਰ ਰਹੇ ਹਨ ਜੋ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹਨ ਬਲਕਿ ਇਸਨੇ ਮਾਮਲੇ ਦੀ ਜਾਂਚ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਸੀ।