ਪਾਰਟੀ ਵਰਕਰ ਕਿਸਾਨਾਂ ਨਾਲ ਮਿਲ ਕੇ ਸੰਸਦ ਤੱਕ ਰੋਸ ਮਾਰਚ ਕਰਨਗੇ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 11 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ 17 ਸਤੰਬਰ ਨੁੰ ਜਿਸ ਦਿਨ ਸੰਸਦ ਵਿਚ ਤਿੰਨ ਕਾਲੇ ਕਾਨੁੰਨ ਬਣਾਏ ਗਏ, ਉਸ ਦਿਨ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਏਗਾ। ਇਸ ਦਿਨ ਪਾਰਟੀ ਦੇ ਵਰਕਰ ਕਿਸਾਨਾਂ ਨਾਲ ਰਲ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕੱਢਣਗੇ ਤੇ ਤਿੰਨ ਖੇਤੀ ਕਾਨੁੰਨ ਰੱਦ ਕਰਨ ਦੀ ਮੰਗ ਕਰਨਗੇ।
ਇਸ ਬਾਰੇ ਫੈਸਲਾ ਅੱਜ ਪਾਰਟੀ ਦੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਹਲਕਾ ਸੇਵਾਦਾਰਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਆਗੂ ਤੇ ਵਰਕਰ ਕਿਸਾਨਾਂ ਨਾਲ ਰਲ ਕੇ ਇਸ ਰੋਸ ਮਾਰਚ ਵਿਚ ਹਿੱਸਾ ਲੈਣਗੇ ਤੇ ਉਹਨਾ ਹਰ ਕਿਸੇ ਨੁੰ ਅਪੀਲ ਕੀਤੀ ਕਿ ਉਹ ਇਸ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ। ਉਹਨਾਂ ਇਹ ਵੀ ਦੱਸਿਆ ਕਿ ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਰਦਾਸ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਇਸ ਦਿਨ ਹੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿਚ ਤਿੰਨ ਖੇਤੀ ਕਾਨੁੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਉਹ ਇਕੱਲੇ ਦੋ ਸੰਸਦ ਮੈਂਬਰ ਸਨ ਜਿਹਨਾਂ ਨੇ ਇਹਨਾਂ ਦੇ ਖਿਲਾਫ ਵੋਟਾਂ ਪਾਈਆਂ। ਇਸ ਮਗਰੋਂ ਅਕਾਲੀ ਦਲ ਦੀ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਨੇ ਮੰਤਰੀ ੰਡਲ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਅਕਾਲੀ ਦਲ ਨੇ ਐਨ ਡੀ ਏ ਛੱਡ ਦਿੱਤਾ ਤੇ ਭਾਜਪਾ ਨਾਲ ਗਠਜੋੜ ਤੋੜ ਲਿਆ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਮੰਤਰੀ ਦੇ ਅਹੁਦੇ ਅਤੇ ਗਠਜੋੜ ਦੀ ਕੁਰਬਾਨੀ ਕਿਸਾਨਾਂ ਵਾਸਤੇ ਦਿੱਤੀ ਜਦਕਿ ਕੁਝ ਹੋਰ ਤਾਂ ਇਹ ਦਾਅਵਾ ਕਰਦੇ ਰਹੇ ਕਿ ਅਸਤੀਫਾ ਜੇਬ ਵਿਚ ਪਿਆ ਹੈ ਪਰ ਇਹ ਕਦੇ ਦਿੱਤਾ ਹੀ ਨਹੀਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਚੱਟਾਨ ਵਾਂਗ ਖੜਿ੍ਹਆ ਹੈ ਤੇ ਕਾਲੇ ਕਾਨੁੰਨ ਰੱਦ ਹੋਣ ਤੱਕ ਡਟਿਆ ਰਹੇਗਾ।