ਚੰਡੀਗੜ੍ਹ, 28 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਉਹ ਆਉਂਦੇ ਬਜਟ ਇਜਲਾਸ ਦੌਰਾਨ ਕਾਂਗਰਸ ਸਰਕਾਰ ਨੂੰ ਇਹ ਦੱਸਣ ਲਈ ਮਜਬੂਰ ਕਰ ਦੇਵੇਗਾ ਕਿ ਉਸਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕਿਉਂ ਕੀਤਾ ਤੇ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਆਪਣੀ ਹੀ ਸਰਕਾਰ ਵੱਲੋਂ ਤਿਆਰ ਕੀਤੇ ਰਾਜਪਾਲ ਦੇ ਭਾਸ਼ਣ ਖਿਲਾਫ ਜਾਅਲੀ ਰੋਸ ਪ੍ਰਦਰਸ਼ਨ ਕਿਉਂ ਕਰ ਰਹੇ ਹਨ।
ਅਕਾਲੀ ਦਲ ਨੇ ਕਿਹਾ ਕਿ ਇਕ ਪਾਸੇ ਲਾਲ ਗਲੀਚਾ ਵਿਛਾ ਕੇ ਰਾਜਪਾਲ ਦਾ ਸਵਾਗਤ ਕਰਨ ਤੇ ਦੂਜੇ ਪਾਸੇ ਉਸੇ ਹੀ ਪਾਰਟੀ ਵੱਲੋਂ ਘਿਰਾਓ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਕਾਲੀ ਦਲ ਨੇ ਪੰਜਾਬ ਕਾਂਗਰਸ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਹਨਾਂ ਦੀ ਪਾਰਟੀ ਦੇ ਵਿਧਾਇਕ ਕਿਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਕਿਸਾਨ, ਖੇਤ ਮਜ਼ਦੂਰ, ਨੌਜਵਾਨ, ਅਨੁਸੂਚਿਤ ਜਾਤੀ ਤੇ ਪਛੜੀਆਂ ਸ਼ੇ੍ਰਣੀਆਂ ਦੇ ਲੋਕ ਹੋਦ ਜਾਂ ਫਿਰ ਸਰਕਾਰੀ ਮੁਲਾਜ਼ਮ ਜਾਂ ਵਪਾਰ ਤੇ ਉਦਯੋਗ ਦੇ ਲੋਕ ਹਰ ਵਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੂਰਖ ਬਣਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਸਿਰਫ ਹਰ ਘਰ ਵਿਚ ਫਾਰਮ ਭੇਜ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਲਿਖਤੀ ਭਰੋਸਾ ਦੁਆਇਆ ਬਲਕਿ ਉਹਨਾਂ ਨੇ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ’ਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਵੀ ਚੁੱਕੀ ਸੀ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਲੋਕਾਂ ਨੁੰ ਦੱਸਣ ਕਿ ਉਹਨਾਂ ਨੇ ਕੌਮੀ ਤੇ ਪ੍ਰਾਈਵੇਟ ਬੈਂਕਾਂ ਦੇ ਨਾਲ ਨਾਲ ਸਹਿਕਾਰੀ ਸੁਸਾਇਟੀਆਂ ਤੇ ਆੜ੍ਹਤੀਆਂ ਤੋਂ ਲਿਆ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਿਉਂ ਕੀਤਾ ਜਦਕਿ ਉਹਨਾਂ ਦਾ ਅਜਿਹਾ ਕੋਈ ਵਾਅਦਾ ਪੂਰਾ ਕਰਨ ਦਾ ਇਰਾਦਾ ਨਹੀਂ ਸੀ। ਉਹਨਾਂ ਕਿਹਾ ਕਿ ਇਸ ਧੋਖੇ ਨਾਲ ਕਿਸਾਨ ਹੋਰ ਕਰਜ਼ਈ ਹੋ ਗਏ ਹਨ। ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਸਕੀਮ ’ਤੇ ਭਰੋਸਾ ਕਰ ਕੇ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਤਾਰੀਆਂ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਦੇ ਖਿਲਾਫ ਵੀ ਵਸੂਲੀ ਲਈ ਮੁਕੱਦਮੇ ਚਲਾਏ ਜਾ ਰਹੇ ਹਨ ਤੇ ਇਹਨਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਇਸੇ ਤਰੀਕੇ ਨੌਜਵਾਨਾਂ ਦੀ ਪਿੱਠ ਵਿਚ ਸਰਕਾਰ ਨੇ ਛੁਰਾ ਮਾਰਿਆ ਤੇ ਸਰਕਾਰੀ ਨੌਕਰੀਆਂ ਦੇਣ ਦੀ ਥਾਂ ’ਤੇ ਪਿਛਲੇ ਚਾਰ ਸਾਲਾਂ ਵਿਚ ਸਰਕਾਰੀ ਨੌਕਰੀਆਂ ਖ਼ਤਮ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਾਲ ਕੀਤੇ ਗਏ 2500 ਰੁਪਏ ਪ੍ਰਤੀ ਮਹੀਨਾ ਦੇ ਵਾਅਦੇ ਅਨੁਸਾਰ ਇਹਨਾਂ ਨੂੰ ਕੋਈ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਲੱਖਾਂ ਐਸ ਸੀ ਭਾਈਚਾਰੇ ਦੇ ਵਿਦਿਆਰਥੀਆਂ ਨੇ ਇਸ ਕਰ ਕੇ ਮਾਨਸਿਕ ਤਸ਼ੱਦਦ ਝੱਲਿਆ ਕਿਉਂਕਿ ਸਰਕਾਰ ਨੇ ਉਹਨਾਂ ਦੀ ਐਸ ਸੀ ਸਕਾਲਰਸ਼ਿਪ ਫੀਸ ਮੁਆਫ ਕਰਨ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਮੁੱਖ ਸਕੱਤਰ ਵਿੰਨੀ ਮਹਾਜਨ ਰਾਹੀਂ ਐਸ ਸੀ ਸਕਾਲਰਸ਼ਿਪ ਘੁਟਾਲੇ ਦੇ ਮੁੱਖ ਦੋਸ਼ੀ ਐਸਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੁੰ ਹੀ ਕਲੀਨ ਚਿੱਟ ਦੇ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਮੁੱਖ ਸਕੱਤਰ ਤੇ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਹੱਕ ਵਿਚ ਡੱਟ ਕੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕੀਤਾ ਕਿਉਂਕਿ ਉਸਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਰੱਖ ਕੇ ਯੂ ਪੀ ਭੇਜਣ ਤੋਂ ਨਾਂਹ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਕੇਸ ਲੜਨ ਵਾਸਤੇ 50 ਲੱਖ ਰੁਪਏ ਦੇ ਕੇ ਵਕੀਲ ਵੀ ਕੀਤਾ ਹੋਇਆ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅੰਸਾਰੀ ਜਿਸਦੀ ਅਨੇਕਾਂ ਕੇਸਾਂ ਵਿਚ ਯੂ ਪੀ ਵਿਚ ਜ਼ਰੂਰਤ ਹੈ, ਨੁੰ ਯੂ ਪੀ ਨਾ ਭੇਜਿਆ ਜਾਣਾ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਸਭ ਕੁਝ ਤਾਂ ਹੀ ਕੀਤਾ ਜਾ ਰਿਹਾ ਹੈ ਤਾਂ ਜੋ 2022 ਦੀਆਂ ਚੋਣਾਂ ਵਿਚ ਵਿਰੋਧੀ ਧਿਰ ਨੁੰ ਧਮਕਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸਦਾ ਸੂਬੇ ਦੀ ਅਮਨ ਕਾਨੂੰਨ ਵਿਵਸਥਾ ’ਤੇ ਗੰਭੀਰ ਅਸਰ ਪਵੇਗਾ ਤੇ ਕਾਂਗਰਸੀ ਵੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਸਕਦੇ ਹਨ ਜਿਵੇਂ ਕਿ ਅਸੀਂ ਫਰੀਦਕੋਟ ਵਿਚ ਗੁਰਲਾਲ ਭਲਵਾਨ ਦੇ ਮਾਮਲੇ ਵਿਚ ਵੇਖਿਆ ਹੈ।
ਸ੍ਰੀ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਦਾ ਸੂਬੇ ਦੇ ਅਰਥਚਾਰੇ ’ਤੇ ਮਾਰੂ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਸੂਬੇ ਵਿਚ ਕੋਈ ਨਿਵੇਸ਼ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜਿਹਨਾਂ ਨੇ ਸੂਬੇ ਵਿਚ ਨਿਵੇਸ਼ ਕਰਨ ਦਾ ਯਤਨ ਕੀਤਾ, ਉਹਨਾਂ ਨੂੰ ਵੀ ਵਾਅਦੇ ਅਨੁਸਾਰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਸਪਲਾਈ ਦੇਣ ਤੋਂ ਸਰਕਾਰ ਦੇ ਇਨਕਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਖੜੋਤ ਦੇ ਨਾਲ ਨਾਲ ਸੂਬੇ ਵਿਚ ਪ੍ਰਤੀ ਵਿਅਕਤੀ ਆਮਦਨ ਵਿਚ ਗਿਰਾਵਟ ਦਰਜ ਕੀਤੀ ਗਈ ਤੇ ਪਹਿਲੀ ਵਾਰ ਇਹ ਕੌਮੀ ਆਮਦਨ ਨਾਲੋਂ ਵੀ ਘੱਟ ਗਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਵੀ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਕਿਉਂਕਿ ਸਰਕਾਰ ਕਾਂਟਰੈਕਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਇਨਕਾਰੀ ਹੈ, ਹਜ਼ਾਰਾਂ ਕਰੋੜਾਂ ਰੁਪਏ ਦੇ ਬਕਾਏ ਅਦਾ ਨਹੀਂ ਕਰ ਰਹੀ, ਇਸਨੇ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਦੀ ਥਾਂ ’ਤੇ ਕੇਂਦਰ ਸਰਕਾਰ ਦੇ ਸਕੇਲ ’ਤੇ ਮੁਲਾਜ਼ਮ ਭਰਤੀ ਕਰ ਰਹੀਹੈ ਤੇ ਛੇਵੇਂ ਪੇਅ ਕਮਿਸ਼ਨ ਦੀÇ ਰਪੋਰਟ ਜਾਰੀਹੋਣ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੀ ਹਾਜ਼ਰ ਸਨ।