ਫਰੀਦਕੋਟ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਜਲਾਲਾਬਾਦ ਵਿਚ ਕਾਂਗਰਸ ਦੇ ਗੁੰਡਿਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ ਹੋਏ ਦੋ ਪਾਰਟੀ ਵਰਕਰਾਂ ਦਾ ਅੱਜ ਇਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਹਾਲ ਚਾਲ ਪੁੱਛਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਖੁਦ ਕੱਲ੍ਹ ਐਸ ਡੀ ਐਮ ਦਫਤਰ ਕੰਪਲੈਕਸ ਵਿਚ ਪਾਰਟੀ ਵਰਕਰਾਂ ਨਾਲ ਜਾਣ ਸਮੇਂ ਕਾਤਲਾਨਾ ਹਮਲਾ ਕੀਤਾ ਗਿਆ ਸੀ, ਨੇ ਜ਼ਖ਼ਮੀ ਹੋਏ ਪਿੰਡ ਚੁਘੇ ਦੇ ਸੋਨੂ ਸਿੰਘ ਪੁੱਤਰ ਲਾਲ ਸਿੰਘ ਅਤੇ ਪਿੰਡ ਚੱਕ ਜਨੀਸਰ ਦੇ ਗੁਰਸੇਵਕ ਸਿੰਘ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ। ਉਹਨਾਂ ਨੇ ਇਸ ਮੌਕੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਜਿਹਨਾ ਨੇ ਸ੍ਰੀ ਬਾਦਲ ਨੂੰ ਭਰੋਸਾ ਦੁਆਇਆ ਕਿ ਮਰੀਜ਼ਾਂ ਦੀ ਹਾਲਤ ਸਥਿਰ ਹੈ। ਉਹਨਾਂ ਨੇ ਦੋਵੇਂ ਵਰਕਰਾਂ ਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਹਰ ਸੰਭਵ ਸਹਾਇਤਾ ਕਰੇਗਾ।