ਚੰਡੀਗੜ•, 5 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਖੇਤੀਬਾੜੀ ਆਰਡੀਨੈਂਸਾਂ ਬਾਰੇ ਝੂਠ ਬੋਲ ਕੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਲੀਆਂ ਜੁਗਤਾਂ ਲਾਉਣ ਦੀ ਥਾਂ ਆਪਣੀਆਂ ਅਸਫਲਤਾਵਾਂ ਲਈ ਲੋਕਾਂ ਨੂੰ ਜਵਾਬ ਦੇਣ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਆਰਡੀਨੈਂਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਾਲ ਕੋਈ ਲੈਣ ਦੇਣ ਨਹੀਂ ਹੈ ਪਰ ਫਿਰ ਵੀ ਝੂਠ ਬੋਲ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੁੱਖ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਪੰਜਾਬੀਆਂ ਦੇ ਹਿਤਾਂ ਵਾਸਤੇ ਕੇਂਦਰੀ ਖੇਤੀਬਾੜੀ ਆਰਡੀਨੈਂਸਾਂ ਬਾਰੇ ਰਾਜਨੀਤੀ ਕਰਨਾ ਛੱਡਣ। ਉਹਨਾਂ ਕਿਹਾ ਕਿ ਪੰਜਾਬੀ 5600 ਕਰੋੜ ਰੁਪਏ ਦੇ ਮਾਲੀਆ ਘਾਟੇ ਬਾਰੇ ਜਵਾਬ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਇਹ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਆਪਣੇ ਹੀ ਸਾਥੀਆਂ ਵੱਲੋਂ ਦੱਸੇ ਘਾਟਿਆਂ ਨੂੰ ਪੂਰਾ ਕਰਨ ਤੇ ਉਗਰਾਹੁਣ ਵਾਸਤੇ ਕੀ ਕੀਤਾ ਹੈ ? ਕਾਂਗਰਸ ਦੇ ਉਹਨਾਂ ਨੇਤਾਵਾਂ ਤੇ ਡਿਸਟੀਲਰੀ ਮਾਲਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹਨਾਂ ਖਿਲਾਫ ਨਜਾਇਜ਼ ਸ਼ਰਾਬ ਦੀ ਬਾਟਲਿੰਗ ਕਰਨ ਅਤੇ ਸੂਬੇ ਦੀ ਆਬਕਾਰੀ ਡਿਊਟੀ ਚੋਰੀ ਕਰਨ ਦੇ ਦੋਸ਼ ਲੱਗੇ ਹਨ।
ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕਿਉਂ ਸੂਬੇ ਵਿਚ ਰੇਤੇ ਦੀ ਨਜਾਇਜ਼ ਮਾਇਨਿੰਗ ਬਿਨਾਂ ਰੁਕਾਵਟ ਜਾਰੀ ਹੈ। ਕਿਉਂ ਸੂਬਾ ਸਰਕਾਰ ਲਾਇਸੰਸ ਫੀਸ ਘਟਾ ਕੇ ਰੇਤ ਮਾਫੀਆ ਦੀ ਮਦਦ ਕਰ ਰਹੀ ਹੈ ਤੇ ਉਹਨਾਂ ਨੂੰ ਉਥੋਂ ਵੀ ਰੇਤਾ ਕੱਢਣ ਦੀ ਆਗਿਆ ਦੇ ਰਹੀ ਹੈ ਜਿਥੇ ਬਾਰੇ ਹਾਲੇ ਤੱਕ ਪ੍ਰਵਾਨਗੀਆਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਸੂਬੇ ਨੂੰ ਮਿਲੇ ਕੇਂਦਰੀ ਰਾਸ਼ਨ ਦੇ ਮਾਮਲੇ ਵਿਚ ਵੀ ਕਾਂਗਰਸ ਦੇ ਆਪਣੇ ਹੀ ਆਗੂਆਂ ਦੇ ਘਰਾਂ ਵਿਚ ਰਾਸ਼ਨ ਭੇਜੇ ਜਾਣ ਬਾਰੇ ਕਾਂਗਰਸ ਸਰਕਾਰ ਨੇ ਅੱਖਾਂ ਮੀਟ ਲਈਆਂ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਗੰਨਾ ਉਤਪਾਦਕਾਂ ਦਾ ਬਕਾਇਆ ਲਟਕਣ ਅਤੇ ਆਮ ਆਦਮੀ 'ਤੇ ਮੋਟੇ ਬਿਜਲੀ ਬਿੱਲ ਥੋਪਣ ਸਮੇਤ ਹੋਰ ਕਈ ਮਸਲੇ ਹਨ, ਪਰ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਇਹਨਾਂ ਮਸਲਿਆਂ ਪ੍ਰਤੀ ਅਣਜਾਣ ਹਨ ਤੇ ਜਾਣ ਬੁੱਝ ਕੇ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਲਈ ਝੂਠੀਆਂ ਕਹਾਣੀਆਂ ਘੜ ਰਹੇ ਹਨ।
ਮੁੱਖ ਮੰਤਰੀ ਨੂੰ ਕਿਸਾਨਾਂ ਤੇ ਕਿਸਾਨ ਯੂਨੀਅਨਾ ਨੂੰ ਸਾਰੀ ਸੱਚਾਈ ਦੱਸਣ ਲਈ ਕਹਿੰਦਿਆਂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਕੀ ਇਹ ਸੱਚਾਈ ਨਹੀਂ ਹੈ ਕਿ ਤੁਸੀਂ 2017 ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਉਹੀ ਸਾਰੀਆਂ ਮੱਦਾਂ ਸ਼ਾਮਲ ਕੀਤੀਆਂ ਜੋ ਫਾਰਮਰਜ਼ ਪ੍ਰੋਡਿਊਸ ਐਂਡ ਟਰੇਡ ਆਰਡੀਨੈਂਸ ਵਿਚ ਸ਼ਾਮਲ ਹਨ ਜਿਵੇਂ ਕਿ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ, ਸਿੱਧਾ ਮੰਡੀਕਰਣ ਅਤੇ ਈ ਟਰੇਡਿੰਗ ? ਉਹਨਾਂ ਕਿਹਾ ਕਿ ਸੂਬੇ ਨੇ ਨਾ ਸਿਰਫ ਆਪਣੇ ਏ ਪੀ ਐਮ ਸੀ ਐਕਟ ਵਿਚ ਸੋਧ ਕੀਤੀ ਬਲਕਿ ਖੇਤੀਬਾੜੀ ਆਰਡੀਨੈਂਸਾਂ ਦੀ ਸਲਾਹਕਾਰੀ ਪ੍ਰਕਿਰਿਆ ਵਿਚ ਵੀ ਹਿੱਸਾ ਲਿਆ। ਹੁਣ ਇਹ ਸਭ ਕੁਝ ਕਰ ਕੇ ਮੁੱਖ ਮੰਤਰੀ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਤੇ ਇਸ ਵਾਸਤੇ ਸਿਆਸੀ ਲਾਭ ਲੈਣ ਵਾਸਤੇ ਆਪ ਵੀ ਉਹਨਾਂ ਦੇ ਨਾਲ ਰਲ ਗਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਵੱਲੋਂ ਵਾਰ ਵਾਰ ਇਸ ਮਸਲੇ 'ਤੇ ਕਿਸਾਨਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਯਤਨ ਕਰਨਾ ਗੈਰ ਲੋੜੀਂਦਾ ਹੈ ਤੇ ਇਹ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਆਪ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਛੱਡ ਕੇ ਕਾਂਗਰਸ ਦੇ ਇੰਨਾ ਨਾਲ ਰਲ ਗਈ ਹੈ ਕਿ ਉਹ ਹੁਣ ਖੇਤੀਬਾੜੀ ਆਰਡੀਨੈਂਸਾਂ ਦੇ ਮਾਮਲੇ 'ਤੇ ਰੋਸ ਵਿਖਾਵਿਆਂ ਦੀ ਡਰਾਮੇਬਾਜ਼ੀ ਕਰਨ ਲਈ ਦਿੱਲੀ ਜਾਣ ਨੂੰ ਵੀ ਤਿਆਰ ਹੈ। ਉਹਨਾਂ ਕਿਹਾ ਕਿ ਆਪ ਨੇ ਕਾਂਗਰਸ 'ਤੇ ਸਾਰੇ ਸ਼ੱਕ ਛੱਡ ਦਿੱਤੇ ਹਨ ਤੇ ਹੁਣ ਉਸਦਾ ਸਿਰਫ ਕਾਂਗਰਸ ਵਿਚ ਸ਼ਾਮਲ ਹੋਣਾ ਹੀ ਬਾਕੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਇਹਨਾਂ ਸਾਰੀਆਂ ਸਿਆਸੀ ਖੇਡਾਂ ਨੂੰ ਵੇਖ ਰਹੇ ਹਨ ਤੇ ਉਹ ਅਜਿਹੀਆਂ ਸਿਆਸਤ ਤੋਂ ਪ੍ਰੇਰਿਤ ਮੁਹਿੰਮਾਂ ਦੀ ਹਮਾਇਤ ਕਦੇ ਨਹੀਂ ਕਰਨਗੇ।