ਅੰਮ੍ਰਿਤਸਰ, 4 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਮ੍ਰਿਤਸਰ ਦੁਸ਼ਹਿਰਾ ਰੇਲ ਹਾਦਸੇ ਦੇ ਮਾਮਲੇ ਵਿਚ ਨਗਰ ਨਿਗਮ ਦੇ ਪੰਜ ਮੁਲਾਜ਼ਮਾਂ ਸਿਰ ਇਲਜ਼ਾਮ ਲਾਉਣ ਨੂੰ ਨਿਆਂ ਦਾ ਮਖੌਲ ਉਡਾਉਣਾ ਕਰਾਰ ਦਿੱਤਾ ਤੇ ਕਿਹਾ ਕਿ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਸਿੱਧੂ ਜੋੜੇ ਯਾਨੀ ਸਾਬਕਾ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਤੇ ਉਹਨਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੁਆ ਦਿੱਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਸੇਵਾ ਮੁਕਤ ਜ਼ਿਲ•ਾ ਜੱਜ ਵੱਲੋਂ ਕੀਤੀ ਗਈ ਨਿਆਂਇਕ ਜਾਂਚ ਵਿਚ ਨਗਰ ਨਿਗਮ ਦੇ ਜੂਨੀਅਰ ਅਫਸਰਾਂ ਨੂੰ ਗਲਤ ਤਰੀਕੇ ਫਸਾਇਆ ਗਿਆ ਹੈ। ਉਹਨਾਂ ਕਿਹਾ ਕਿ ਮੁਲਾਜ਼ਮ ਸਥਾਨਕ ਸਰਕਾਰ ਮੰਤਰੀ ਜੋ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੇ ਮੌਜੂਦਾ ਵਿਧਾਇਕ ਹਨ, ਦੇ ਕਿਸੇ ਵੀ ਹੁਕਮ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ ਸੀ। ਮੰਤਰੀ ਦੇ ਹਲਕੇ ਵਿਚ ਹੀ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ ਵਿਵਾਦਗ੍ਰਸਤ ਦੁਸ਼ਹਿਰਾ ਪ੍ਰੋਗਰਾਮ ਹੋਇਆ ਸੀ।
ਸ੍ਰੀ ਵਲਟੋਹਾ, ਜਿਹਨਾਂ ਦੇ ਨਾਲ ਹਰਮੀਤ ਸਿੰਘ ਸੰਧੂ ਅਤੇ ਤਲਬੀਰ ਸਿੰਘ ਗਿੱਲ ਵੀ ਸਨ, ਨੇ ਕਿਹਾ ਕਿ ਪੰਜਾਂ ਮੁਲਾਜ਼ਮਾਂ ਦਾ ਸੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕੇਸ ਵਿਚ ਅਸਲ ਦੋਸ਼ੀ ਸਿੱਧੂ ਜੋੜਾ ਤੇ ਉਹਨਾਂ ਦਾ ਚਹੇਤਾ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਹਨ ਜਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਹੀ ਦੁਸ਼ਹਿਰਾ ਮਨਾਉਣ ਲੱਗਿਆਂ ਜੋੜਾ ਫਾਟਕ 'ਤੇ ਰੇਲਵੇ ਲਾਈਨਾਂ ਦੇ ਨੇੜੇ ਪੁਤਲੇ ਫੂਕੇ ਜਦੋਂ ਤੇਜ਼ ਰਫਤਾਰ ਰੇਲ ਗੱਡੀ ਨੇ 61 ਲੋਕਾਂ ਨੂੰ ਦਰੜ ਦਿੱਤਾ।
ਸ੍ਰੀ ਵਲਟੋਹਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕਾਂਗਰਸ ਸਰਕਾਰ ਪ੍ਰਿਅੰਕਾ ਗਾਂਧੀ ਦੇ ਦਬਾਅ ਅੱਗੇ ਝੁਕ ਗਈ ਕਿਉਂਕਿ ਪ੍ਰਿਅੰਕਾ ਗਾਂਧੀ ਨੇ ਹੀ ਸਿੱਧੂ ਜੋੜੇ ਨੂੰ ਕਲੀਨ ਚਿੱਟ ਦੇਣਾ ਯਕੀਨੀ ਬਣਾਇਆ। ਉਹਨਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਨੇ ਹਦਾਇਤ ਕੀਤੀ ਸੀ ਕਿ ਉਹਨਾਂ ਦੇ ਖਾਸਮਖਾਸ ਨਵਜੋਤ ਸਿੱਧੂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਫਿਰ ਸਰਕਾਰ ਨੇ ਉਹਨਾਂ ਦੀ ਭੂਮਿਕਾ 'ਤੇ ਮਿੱਟੀ ਪਾ ਦਿੱਤੀ ਤੇ ਅਜਿਹਾ ਕਰਨਾ ਦੁਸ਼ਹਿਰਾ ਦੁਖਾਂਤ ਦੇ 61 ਪੀੜਤਾਂ ਦੇ ਪਰਿਵਾਰਾਂ ਨਾਲ ਭੱਦਾ ਮਜ਼ਾਕ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨਿਆਂਇਕ ਜਾਂਚ ਨੂੰ ਰੱਦ ਕਰਦੇ ਹਾਂ ਤੇ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹਾਂ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਿੱਧੂ ਜੋੜੇ ਤੇ ਮਿੱਠੂ ਮਦਾਨ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਕਿਉਂਕਿ ਇਹ ਇਸ ਹਾਦਸੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।
ਸ੍ਰੀ ਵਲਟੋਹਾ ਨੇ ਕਿਹਾ ਕਿ ਦੁਸ਼ਹਿਰਾ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰ ਵੀ ਇਸ ਨਿਆਂਇਕ ਜਾਂਚ ਦੇ ਨਤੀਜੇ ਤੋਂ ਅਸੰਤੁਸ਼ਟ ਹਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਸਿਰਫ ਪੀੜਤਾਂ ਦਾ ਵਿਸ਼ਵਾਸ ਤੋੜਿਆ ਬਲਕਿ ਉਹ ਤਿੰਨ ਮਹੀਨੇ ਦੇ ਲਾਕ ਡਾਊਨ ਦੌਰਾਨ ਇਹਨਾਂ ਪਰਿਵਾਰਾਂ ਦਾ ਖਿਆਲ ਰੱਖਣ ਵਿਚ ਵੀ ਅਸਫਲ ਰਹੇ ਜਦਕਿ ਉਸਨੇ ਹਰ ਮਹੀਨੇ ਪੈਸੇ ਦੇਣ ਤੇ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ।
ਅਕਾਲੀ ਆਗੂਆਂ ਨੇ ਕਿਹਾ ਕਿ ਫਾਇਰ ਅਫਸਰ ਦੇ ਖਿਲਾਫ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ ਉਸਨੇ ਨਗਰ ਨਿਗਮ ਦੀ ਇਜਾਜ਼ਤ ਦੇ ਬਗੈਰ ਦੁਸ਼ਹਿਰਾ ਪ੍ਰੋਗਰਾਮ 'ਤੇ ਅੱਗ ਬੁਝਾਊ ਗੱਡੀ ਤੇ ਪਾਣੀ ਦਾ ਟੈਂਕਰ ਭੇਜਿਆ। ਉਹਨਾਂ ਕਿਹਾ ਕਿ ਫਾਇਰ ਅਫਸਰ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਥਾਨਕ ਸਰਕਾਰ ਮੰਤਰੀ ਸਮਾਗਮ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਹੋਰ ਅਫਸਰਾਂ 'ਤੇ ਵੀ ਇਸ ਲਈ ਇਲਜ਼ਾਮ ਲੱਗੇ ਹਨ ਕਿਉਂਕਿ ਉਹ ਇਹ ਯਕੀਨੀ ਬਣਾਉਣ ਵਿਚ ਅਸਫਲ ਰਹੇ ਕਿ ਇਲਾਕੇ ਵਿਚ ਕੋਈ ਸਮਾਗਮ ਨਾ ਹੋਵੇ ਅਤੇ ਉਹਨਾਂ ਨੇ ਬਗੈਰ ਮਨਜ਼ੂਰੀ ਦੇ ਪੋਸਟਰ ਤੇ ਬੈਨਰ ਲਗਾਉਣ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਮੁਲਾਜ਼ਮ ਸਥਾਨਕ ਸਰਕਾਰ ਮੰਤਰੀ ਤੇ ਕੌਂਸਲ ਮਿੱਠੂ ਮਦਾਨ ਦੇ ਅੱਗੇ ਬੇਵਸ ਸਨ ਕਿਉਂਕਿ ਡਾ. ਨਵਜੋਤ ਕੌਰ ਸਿੱਧੂ ਦੀ ਸਰਪ੍ਰਸਤੀ ਹਾਸਲ ਹੋਣ ਕਾਰਨ ਮਿੱਠੂ ਮਦਾਨ ਆਪਣੇ ਹੁਕਮ ਚਲਾ ਰਿਹਾ ਸੀ।