ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਹਰ ਸਵਾਲ ਦਾ ਜਵਾਬ ਉਹਨਾਂ ਦੀ ਪਸੰਦ ਦੀ ਥਾਂ ’ਤੇ ਦੇਣ ਲਈ ਤਿਆਰ
ਕਿਹਾ ਕਿ ਕਿਸਾਨ ਸੰਘਰਸ਼ ਦੇ ਖਿਲਾਫ ਕੋਈ ਲੈਣ ਦੇਣ ਨਹੀਂ, ਕਿਹਾ ਕਿ ਉਹਨਾਂ ਦਾ ਬਿਆਨ ਉਹਨਾਂ ਕਾਂਗਰਸੀ ਤੇ ਆਪ ਆਗੂਆਂ ਨੂੰ ਬੇਨਕਾਬ ਕਰਨ ਲਈ ਜੋ ਕਿਸਾਨ ਬਣ ਕੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਰੁਕਾਵਟਾਂ ਪਾਉਣ ਲਈ ਯਤਨਸ਼ੀਲ
ਕਿਹਾ ਇਹ ਸਾਜ਼ਿਸ਼ ਕੇਂਦਰੀ ਏਜੰਸੀਆਂ ਨੇ ਕਾਂਗਰਸ ਤੇ ਆਪ ਦੀ ਹਮਾਇਤ ਨਾਲ ਰਚੀ ਜੋ ਭਾਜਪਾ ਦੀ ਯੋਜਨਾ ਮੁਤਾਬਕ ਸੁਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀਆਂ ਨੇ
ਚੰਡੀਗੜ੍ਹ, 3 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਸ ਵੱਲੋਂ ‘ਗੱਲ ਪੰਜਾਬ ਦੀ ਲੋਕ ਲਹਿਰ’ ਛੇ ਦਿਨ ਲਈ ਅੱਗੇ ਪਾਈ ਜਾ ਰਹੀ ਹੈ ਤੇ ਪਾਰਟੀ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਹਰ ਸਵਾਲ ਦਾ ਜਵਾਬ ਉਹਨਾਂ ਦੀ ਪਸੰਦ ਦੀ ਥਾਂ ’ਤੇ ਦੇਣ ਲਈ ਤਿਆਰ ਹੈ ਤਾਂ ਜੋ ਪੰਜਾਬ ਦੀ ਸ਼ਾਂਤੀ ਕਿਸੇ ਵੀ ਕੀਮਤ ’ਤੇ ਭੰਗ ਨਾ ਹੋਵੇ। ਹੁਣ ਮੁਹਿੰਮ 11 ਸਤੰਬਰ ਤੋਂ ਅਮਲੋਹ ਤੋਂ ਸ਼ੁਰੂ ਹੋਵੇਗੀ।
ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਉਹਨਾਂ ਨੇ ਕਿਸਾਨ ਸੰਘਰਸ਼ ਦੇ ਖਿਲਾਫ ਕੁਝ ਵੀ ਕਿਹਾ ਹੈ। ਉਹਨਾਂ ਕਿਹਾ ਕਿ ਉਹ ਕਿਸਾਨ ਸੰਘਰਸ਼ ਦਾ ਸਭ ਤੋਂ ਵੱਧ ਸਨਮਾਨਤ ਕਰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹਰ ਸੱਦੇ ਦਾ ਸਨਮਾਨ ਕੀਤਾ ਹੈ। ਉਹਨਾਂ ਕਿਹਾ ਕਿ ਮੇਰਾ ਬਿਆਨ ਕਾਂਗਰਸ ਤੇ ਆਪ ਵੱਲ ਸੇਧਤ ਸੀ ਜਿਹਨਾਂ ਨੇ ਕਿਸਾਨਾਂ ਦਾ ਭੇਖ ਧਾਰ ਕੇ ਪਿਛਲੇ ਇਕ ਹਫਤੇ ਤੋਂ ਅਕਾਲੀ ਦਲ ਦੇ ਸਮਾਗਮਾਂ ਵਿਚ ਹਿੰਸਾ ਭੜਕਾਈ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਇਹਨਾਂ ਗੱਲਾਂ ਦਾ ਸਬੂਤ ਹੈ ਤੇ ਅਸੀਂ ਅਜਿਹੇ ਸਾਰੇ ਵਰਕਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਚੁੱਕੇ ਹਾਂ ਅਤੇ ਆਉਂਦੇ ਦਿਨਾਂ ਵਿਚ ਸਾਰੇ ਸਬੰਧਤ ਜ਼ਿਲਿ੍ਹਆਂ ਵਿਚ ਵਿਸਥਾਰਿਤ ਸੂਚੀ ਜਾਰੀ ਕਰਕੇ ਇਹ ਨਫਰਤ ਭਰੀ ਸਾਜ਼ਿਸ਼ ਬੇਨਕਾਬ ਕਰਾਂਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਇਹ ਫੈਸਲਾ ਪੰਜਾਬੀਆਂ ਦੇ ਹਿੱਤਾਂ ਵਿਚ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਨਾਲ ਭਰਾ ਲੜੇ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬੀ ਉਹਨਾਂ ਕਿਸਾਨ ਵਿਰੋਧੀ ਤਾਕਤਾਂ ਦਾ ਨਿਸ਼ਾਨਾ ਬਣਨ ਜੋ ਕੇਂਦਰੀ ਏਜੰਸੀਆਂ ਨਾਲ ਰਲ ਕੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਅਤੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਨੀਂਹ ਰੱਖ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਸਰਗਰਮ ਪੰਜਾਬ ਵਿਰੋਧੀ ਤਾਕਤਾਂ ਨੂੰ ਕਾਂਗਰਸ ਤੇ ਆਪ ਦੀ ਹਮਾਇਤ ਹਾਸਲ ਹੈ ਅਤੇ ਇਹਨਾਂ ਦੀ ਭਾਜਪਾ ਦੀ ਹਮਾਇਤ ਕਰ ਰਹੀ ਹੈ ਜੋ ਕਿ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਹੱਕ ਵਿਚ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਨੁੰ ਕਾਲੇ ਦੌਰ ਵਿਚ ਧੱਕਣ ਨਾਲੋਂ ਆਪਾ ਵਾਰਨ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਕਈ ਦਹਾਕੇ ਪਛੜ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸੂਬੇ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਤਾਕਤਾਂ ਸੂਬੇ ਵਿਚ ਬੇਚੈਨੀ ਤੇ ਅਸਥਿਰਤਾ ਪੈਦਾ ਕਰ ਕੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਫਤਵੇ ਨੁੰ ਸਾਬੋਤਾਜ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਸਾਜ਼ਿਸ਼ਾਂ ਪਿੱਛੇ ਭਾਜਪਾ ਦਾ ਵੀ ਹੱਥ ਹੈ ਜੋ ਚਾਹੁੰਦੀ ਹੈ ਕਿ 1992 ਦਾ ਇਤਿਹਾਸ ਦੁਹਰਾਇਆ ਜਾਵੇ ਅਤੇ ਜਾਅਲੀ ਫਤਵੇ ਦੇ ਆਧਾਰ ’ਤੇ ਸੱਤਾ ’ਤੇ ਕਾਬਜ਼ ਹੋਇਆ ਜਾਵੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਸੂਬੇ ਵਿਚ ਸ਼ਾਂਤੀ ਭੰਗ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਰਾਜਸੀ ਉਦੇਸ਼ਾਂ ਦੀ ਪੂਰਤੀ ਵਾਸਤੇ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ ਜੋ ਆਉਂਦੇ ਦਿਨਾਂ ਵਿਚ ਪੰਜਾਬ ਤੇ ਪੰਜਾਬੀਆਂ ਲਈ ਮਹਿੰਗੀ ਸਾਬਤ ਹੋਵੇਗੀ।
ਸਰਦਾਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਡੱਟ ਕੇ ਖੜ੍ਹਿਆ ਹੈ ਅਤੇ ਇਸਨੇ ਹਮੇਸ਼ਾ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਗੱਲ ਪੰਜਾਬ ਦੀ ਮੁਹਿੰਮ ਹੋਰ ਕੁਝ ਨਹੀਂ ਬਲਕਿ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਤੇ ਸ਼ਿਕਾਇਤਾਂ ਸੁਣਨ ਦਾ ਜ਼ਰੀਆ ਹੈ ਤਾਂ ਜੋ ਇਹਨਾਂ ਦੀ ਦਸ਼ਾ ਵਿਚ ਸੁਧਾਰ ਵਾਸਤੇ ਯੋਜਨਾ ਉਲੀਕੀ ਜਾ ਸਕੇ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਇਸ ਮੁਹਿੰਮ ਦੀ ਸਫਲਤਾ ਤੋਂ ਬੁਖਲਾ ਗਈਆਂ ਹਨ ਅਤੇ ਇਸੇ ਲਈ ਇਸਨੂੰ ਲੀਹੋਂ ਲਾਹੁਣ ਲਈ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਤਾਂ ਇਸ ਮਕਸਦ ਵਾਸਤੇ ਟੀਮਾਂ ਵੀ ਬਣਾਈਆਂ ਹੋਈਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਦੀ ਵਿਵਸਥਾ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਅਨੁਸਾਰ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਲਾਗੂ ਕੀਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਿੰਨ ਖੇਤੀ ਕਾਨੂੰਨ ਦਿੱਲੀ ਵਿਚ ਸਭ ਤੋਂ ਪਹਿਲਾਂ ਲਾਗੂ ਕੀਤੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤਿੰਨ ਖੇਤੀ ਕਾਨੁੰਨ ਖਾਰਜ ਕਰਵਾਉਣੇ ਯਕੀਨੀ ਬਣਾਉਣ ਵਾਸਤੇ ਮੁਹਿੰਮ ਵਿੱਢਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ 2022 ਵਿਚ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਵੇਗਾ।
ਇਸ ਮੌਕੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਾਂਗਰਸ ਤੇ ਆਪ ਦੇ ਉਹਨਾਂ ਆਗੂਆਂ ਦੀ ਸੁਚੀ ਜਾਰੀ ਕੀਤੀ ਜਿਹਨਾਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੇ ਸਮਾਗਮਾਂ ਵਿਚ ਵਿਘਨ ਪਾਇਆ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਵੀ ਹਾਜ਼ਰ ਸਨ।