ਸੂਬਾ ਭਾਜਪਾ ਅੰਨਦਾਤਾ ਦੇ ਖਿਲਾਫ ਮੰਦੀ ਸ਼ਬਦਾਵਲੀ ਲਈ ਮੁਆਫੀ ਮੰਗੇ : ਸਿਕੰਦਰ ਸਿੰਘ ਮਲੂਕਾ
ਭਾਜਪਾ ਆਗੂਆਂ ਨੁੰ ਸੂਬੇ ਵਿਚ ਹਿੰਸਾ ਨਾ ਭੜਕਾਉਣ ਲਈ ਵੀ ਆਖਿਆ
ਚੰਡੀਗੜ੍ਹ, 27 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਦੱਸਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਭਾਜਪਾ ਅਜਿਹਾ ਇਸ ਕਰ ਕੇ ਆਖ ਰਹੀ ਹੈ ਕਿਉਂਕਿ ਕਿਸਾਨ ਇਸਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਡਟੇ ਹੋਏ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਪੰਜਾਬ ਦੀ ਭਾਜਪਾ ਇਕਾਈ ਇੰਨਾ ਡਿੱਗ ਗਈ ਹੈ ਕਿ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਦੱਸਣ ਲੱਗ ਗਈ ਹੈ। ਇਹ ਬੇਇੱਜ਼ਤੀ ਸਹਿਣ ਨਾਲ ਕੀਤੀ ਜਾ ਸਕਦੀ ਤੇ ਮੈਂ ਪੰਜਾਬ ਇਕਾਈ ਨੂੰ ਸਲਾਹ ਦਿੰਦਾ ਹਾਂ ਕਿ ਅੰਨਦਾਤਾ ਖਿਲਾਫ ਇਸ ਮੰਦੀ ਸ਼ਬਦਾਵਲੀ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਲਈ ਮੁਆਫੀ ਮੰਗੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਾਜਪਾ ਨੂੰ ਸੂਬੇ ਦੇ ਮਿਹਨਤੀ ਕਿਸਾਨਾਂ ਨੂੰ ਸਿਰਫ ਇਸ ਕਰ ਕੇ ਨਕਸਲੀ ਨਹੀਂ ਦੱਸਣਾ ਚਾਹੀਦਾ ਕਿਉਂਕਿ ਉਹ ਇਸਦੇ ਆਗੂਟਾਂ ਦੇ ਕਿਸਾਨ ਵਿਰੋਧੀ ਬਿਆਨਾਂ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਆਗੂ ਇਹ ਭੁੱਲ ਗਏ ਹਨ ਕਿ ਉਹਨਾਂ ਨੂੰ ਪਹਿਲੀ ਵਫਾਦਾਰੀ ਪੰਜਾਬ ਦੇ ਕਿਸਾਨਾਂ ਪ੍ਰਤੀ ਵਿਖਾਉਣੀ ਚਾਹੀਦੀ ਹੈ ਨਾ ਕਿ ਬਹੁ ਰਾਸ਼ਟਰੀ ਕੰਪਨੀਆਂ ਪ੍ਰਤੀ ਜਿਹਨਾਂ ਦੇ ਕਹੇ ’ਤੇ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ ਗਏ ਹਨ ਜੋ ਸੂਬੇ ਵਿਚ ਖੇਤੀ ਸੈਕਟਰ ਨੂੰ ਤਬਾਹ ਕਰ ਦੇਣਗੇ। ਉਹਨਾਂ ਕਿਹਾ ਕਿ ਭਾਜਪਾ ਦੇ ਆਗੂ ਪਹਿਲਾਂ ਕਿਸਾਨਾਂ ਨੂੰ ਖਾਲਿਸਤਾਨੀ ਤੇ ਹੁਣ ਸ਼ਹਿਰੀ ਨਕਸਲੀ ਦੰਸ ਕੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਸੱਟ ਮਾਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਇਸ ਤੋਂ ਦੁਖੀ ਹਨ ਕਿ ਭਾਜਪਾ ਆਗੂ ਕਿਸਾਨਾਂ ਦਾ ਦਰਦ ਸਮਝਣ ਤੋਂ ਇਨਕਾਰੀ ਹਨ ਅਤੇ ਸਿਰਫ ਉਹਨਾਂ ਨੂੰ ਅਤੇ ਉਹਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉੁਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਆਗੂਆਂ ਨੂੰ ਹਾਲ ਹੀ ਵਿਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਆ।ਉਹਨਾਂ ਕਿਹਾ ਕਿ ਬਜਾਏ ਕਿਸਾਨਾਂ ਦੀ ਤਕਲੀਫ ਸਮਝਣ ਦੇ ਅਤੇ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਤੇ ਸੂਬੇ ਦੇ ਭਾਜਪਾ ਆਗੂ ਉਹਨਾਂ ਦਾ ਵਿਰੋਧ ਕਰ ਰਹੇ ਹਨ। ਇਸਦੀ ਹਰ ਕਿਸੇ ਨੂੰ ਨਿਖੇਧੀ ਕਰਨੀ ਚਾਹੀਦੀ ਹੈ।
ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਸੂਬੇ ਦੇ ਭਾਜਪਾ ਆਗੂਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੇ ਵੰਡ ਪਾਊ ਬਿਆਨਾਂ ਤੇ ਮਾੜੇ ਵਿਵਹਾਰ ਨਾਲ ਸੂਬੇ ਵਿਚ ਹਿੰਸਾ ਨਾ ਭੜਕਾਉਣ। ਉਹਨਾਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਸਿਆਣਪ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਹਨਾਂ ਆਗੂਆਂ ਨੂੰ ਝਾੜ ਪਾਉਣੀ ਚਾਹੀਦੀ ਹੈ ਜੋ ਕੇਂਦਰ ਨਾਲ ਜ਼ਿਆਦਾ ਹੀ ਵਫਾਦਾਰੀ ਵਿਖਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੂਬੇ ਦੀ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਜਾਵੇਗਾ ਤੇ ਇਸ ਲਈ ਸਿਰਫ ਭਾਜਪਾ ਹੀ ਜ਼ਿੰਮੇਵਾਰ ਹੋਵੇਗੀ।
ਸ੍ਰੀ ਮਲੂਕਾ ਨੇ ਕੁਝ ਭਾਜਪਾ ਆਗੂਆਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੜਕਾ ਕੇ ਸੂਬੇ ਦੇ ਮਾਮਲਿਆਂ ਵਿਚ ਦਖਲ ਦੇਣ ਵਾਸਤੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਵੀ ਨੋਟਿਸ ਲਿਆ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਰਾਜ ਸੂਚੀ ਦਾ ਵਿਸ਼ਾ ਹੈ ਅਤੇ ਅਕਾਲੀ ਦਲ ਹਮੇਸ਼ਾ ਦੇਸ਼ ਵਿਚ ਸੰਘੀ ਢਾਂਚੇ ਦੇ ਬਚਾਅ ਵਾਸਤੇ ਡਟਦਾ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਤੋਂ ਕੋਰਾ ਇਨਕਾਰ ਕਰਨ ਕਾਰਨ ਹੀ ਅਸੀ ਕੌਮੀ ਜਮਹੂਰੀ ਗਠਜੋੜ ਨਾਲੋਂ ਗਠਜੋੜ ਤੋੜਿਆ ਹੈ। ਇਸੇ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਤਿੰਨ ਖੇਤੀ ਕਾਨੁੰਨ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ।