ਚੰਡੀਗੜ੍ਹ, 3 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਪਾਰਟੀ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਉਹਨਾਂ ਦੀਆਂ ਸੇਵਾਵਾਂ ਬਦਲੇ ਦੇਸ਼ ਵੱਲੋਂ ਦਿੱਤਾ ਪਦਮ ਵਿਭੂਸ਼ਣ ਐਵਾਰਡ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਧੋਖਾ ਕਰਨ ਦੇ ਵਿਰੋਧ ਵਿਚ ਰੋਸ ਵਜੋਂ ਮੋੜਨ ਦਾ ਜ਼ੋਰਦਾਰ ਸਵਾਗਤ ਕੀਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਾ ਕਿ ਸਾਬਕਾ ਮੁੱਖ ਮੰਤਰੀ ਕਿਸਾਨਾਂ ਦੇ ਹੱਕਾਂ ਦੀ ਲਡਾਈ ਵਿਚ ਹਮੇਸ਼ਾ ਮੂਹਰੇ ਹੋ ਕੇ ਲੜੇ ਹਨ। ਉਹਨਾਂ ਕਿਹਾ ਕਿ ਅੱਜ ਵੀ ਜਦੋਂ ਅੰਨਦਾਤਾ ਕੜਾਕੇ ਦੀ ਠੰਢ ਵਿਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰ ਰਿਹਾ ਹੈ ਤਾਂ ਉਦੋਂ ਸਰਦਾਰ ਬਾਦਲ ਨੇ ਲੋਕਾਂ ਦੀ ਸੇਵਾ ਬਦਲੇ ਦੇਸ਼ ਵੱਲੋਂ ਦਿੱਤਾ ਐਵਾਰਡ ਵਾਪਸ ਮੋੜਨ ਦਾ ਫੈਸਲਾ ਕੀਤਾ।
ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਦਮ ਨਾਲ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਹੈ ਕਿ ਕੇਂਦਰ ਸਰਕਾਰ ’ਤੇ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਰੋਸ ਵਿਖਾ ਕ ਰਹੇ ਕਿਸਾਨਾਂ ਦੀ ਹਾਲਤ ਪ੍ਰਤੀ ਕੋਈ ਅਸਰ ਨਹੀਂ ਪਿਆ। ਉਹਨਾਂ ਕਿਹਾ ਕਿ ਹੁਣ ਇਹ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਆਖਣ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਛੇਤੀ ਤੋਂ ਛੇਤੀ ਦੂਰ ਕਰੇ।
ਸ੍ਰੀ ਮਲੂਕਾ ਤੇ ਡਾ. ਚੀਮਾ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ੲੈ ਕਿ ਕੇਂਦਰ ਸਰਕਾਰ ਨੇ ਸਰਦਾਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੁੰ ਧੋਖਾ ਦਿੱਤਾ। ਉਹਨਾਂ ਹਿਕਾ ਕਿ ਸਰਦਾਰ ਬਾਦਲ ਨੇ ਹੁਣ ਦੱਸਿਆ ਹੈ ਕਿ ਉਹਨਾਂ ਨੂੰ ਭਰੋਸਾ ਦੁਆਇਆ ਗਿਆ ਸੀ ਕਿ ਜਦੋਂ ਆਰਡੀਨੈਂਸਾਂ ਬਦਲੇ ਬਿੱਲ ਲਿਆਂਦੇ ਜਾਣਗੇ ਤੇ ਐਕਟ ਬਣਾਏ ਜਾਣ ਤਾਂ ਉਸ ਵੇਲੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਹੀ ਗੱਲ ਅਕਾਲੀ ਦਲ ਨੇ ਕਿਸਾਨਾਂ ਨੂੰ ਆਖੀ ਸੀ ਪਰ ਮੰਦੇਭਾਗਾ ਨੂੰ ਕੇਂਦਰ ਸਰਕਾਰ ਨੇ ਆਰਡੀਨੈਂਸਾਂ ਦੇ ਇੰਨ ਬਿੰਨ ਬਿੱਲ ਪੇਸ਼ ਕਰ ਕੇ ਪਾਸ ਕਰਵਾ ਦਿੱਤੇ ਅਤੇ ਕਾਲੇ ਕਾਨੂੰਨ ਬਣਾ ਦਿੱਤੇ ਜਿਸ ਖਿਲਾਫ ਕਿਸਾਨ ਹੁਣ ਰੋਸ ਪ੍ਰਗਟਾ ਰਹੇ ਹਨ।
ਉਹਨਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਮਾਮਲੇ ਦੀ ਗੰਭੀਰਤਾ ਸਮਝੇ ਅਤੇ ਉਹਨਾਂ ਮੰਗ ਕੀਤੀ ਕਿ ਤਿੰਨੋਂ ਕੇਂਦਰੀ ਕਾਨੂੰਨ ਤੁਰੰਤ ਖਾਰਜ ਕੀਤੇ ਜਾਣ।
ਇਸੇ ਦੌਰਾਨ ਸ੍ਰੀ ਮਲੂਕਾ ਤੇ ਡਾ. ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਪਿੰਡ ਦਾ ਸਰਪੰਚ ਬਣਨ ਤੋਂ ਲੈ ਕੇ ਸਿਆਸੀ ਜੀਵਨ ਵਿਚ ਬਹੁਤ ਬੁਲੰਦੀਆਂ ਛੂਹੀਆਂ। ਵੁਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਹਮੇਸ਼ਾ ਕਿਸਾਨਾਂ ਦੇ ਮਸਲੇ ਹੱਲ ਕੀਤੇ ਭਾਵੇਂ ਉਹ ਟਰੈਕਟਰਾਂ ’ਤੇ ਟੈਕਸ ਖਤਮ ਕਰਨਾ ਹੋਵੇ, ਸਾਰੀਆਂ ਲਹਿਰਾਂ ਤੇ ਖਾਲਾਂ ਦੀ ਲਾਈਨਿੰਗ ਹੋਵੇ, ਅਨਾਜ ਮੰਡੀਆਂ ਦਾ ਆਧੁਨਿਕੀਕਰਣ ਹੋਵੇ ਜਾਂ ਫਿਰ ਕਿਸਾਨਾਂ ਨੁੰ ਮੁਫਤ ਬਿਜਲੀ ਪ੍ਰਦਾਨ ਕਰਨੀ ਹੋਵੇ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਸਮਾਜ ਦੇ ਦਬੇ ਕੁਚਲੇ ਵਰਗ ਦੇ ਲੋਕਾਂ ਲਈ ਲੜਦਿਆਂ ਸਰਦਾਰ ਬਾਦਲ ਅਨੇਕਾਂ ਵਾਰ ਜੇਲ੍ਹ ਗਏ। ਅੱਜ ਉਹਨਾਂ ਨੇ ਇਕ ਵਾਰ ਫਿਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ।