ਚੰਡੀਗੜ੍ਹ, 3 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬੀਆਂ ਦੀ ਬਦਨਾਮੀ ਕਰਨ ਵਾਸਤੇ ਫਿਕਸ ਮੈਚ ਖੇਡ ਰਹੀਆਂ ਹਨ।
ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਤੇ ਪਾਰਟੀ ਵਿਧਾਇਕਾਂ ਵੱਲੋਂ ਰਾਜਘਾਟ ਵਿਚ ਧਰਨਾ ਦੇਣ ਦੇ ਕੀਤੇ ਐਲਾਨ ’ਤੇ ਪ੍ਰਤੀਕਰਮ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੋਰ ਢੋਂਗ ਹੈ ਹੋਰ ਕੁਝ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਕੇਂਦਰ ਸਰਕਾਰ ਕੋਲ ਪਹੁੰਚ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਬਜਾਏ ਰੇਲ ਮੰਤਰੀ ਜਾਂ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨ ਦੇ ਭਾਜਪਾ ਦੇ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੂੰ ਪੱਤਰ ਲਿਖਿਆ ਸੀ। ਹੁਣ ਵੀ ਬਜਾਏ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੇ ਮਾਲ ਗੱਡੀਆਂ ਤੁਰੰਤ ਬਹਾਲ ਕਰਵਾਉਣ ਦੇ, ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਉਹ ਵਿਧਾਇਕਾਂ ਦੇ ਵਫਦ ਦੀ ਅਗਵਾਈ ਕਰਦਿਆਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਰਾਸ਼ਟਰਪਤੀ ਨੇ ਤਾਂ ਉਹਨਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਵਿਧਾਇਕਾਂ ਨੂੰ ਗੁੰਮਰਾਹ ਕਿਉਂ ਕੀਤਾ ਤੇ ਉਹ ਕੱਲ੍ਹ ਤੋਂ ਦਿੱਲੀ ਵਿਚ ਰੋਸ ਧਰਨਾ ਦੇਣ ਦਾ ਐਲਾਨ ਕਰ ਕੇ ਆਪਣੀਆਂ ਨਾਕਾਮੀਆਂ ’ਤੇ ਪਰਦਾ ਕਿਉਂ ਪਾ ਰਹੇ ਹਨ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਚੌਕਸ ਕੀਤਾ ਕਿ ਅਜਿਹੀਆਂ ਜੁਗਤਾਂ ਪੰਜਾਬ ਵਿਚ ਸਮਾਜਿਕ ਬੇਚੈਨੀ ਤੇ ਅਰਥਚਾਰੇ ਦੀ ਤਬਾਹੀ ਲਿਆ ਸਕਦੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਬੰਧਤ ਮੰਤਰੀਆਂ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ੲੈ ਕਿ ਪੰਜਾਬ ਆਉਣ ਵਾਲੀਆਂ ਸਾਰੀਆਂ ਰੇਲਾਂ ਤੁਰੰਤ ਬਹਾਲ ਹੋਣ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਅਤੇ ਦਿੱਲੀ ਵਿਚ ਬਣਾਉਣੀ ਧਰਨਾ ਦਿੰਦੇ ਹਨ ਤਾਂ ਇਸ ਤੋਂ ਬਿਨਾਂ ਸ਼ੱਕ ਸਾਬਤ ਹੋ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸੰਕਟ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਅਤੇ ਉਹ ਭਾਜਪਾ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਸੌਂਪੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਰੱਖਣ ਲਈ ਆਖਦਿਆਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦੇ ਕਹਿਣ ’ਤੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਪੇਸ਼ ਕੀਤੀਆਂ ਗਈਆਂ ਸੋਧਾਂ ਨੇ ਅਸਲ ਵਿਚ ਸੂਬੇ ਨੂੰ ਕੇਂਦਰ ਦੇ ਰਹਿਮੋ ਕਰਮ ’ਤੇ ਲਿਆ ਦਿੱਤਾ ਹੈ। ਉਹਨਾਂ ਕਿਹਾ ਕਿ ਬਜਾਏ ਕਿ ਬਿੱਲਾਂ ਨੂੰ ਖੇਤੀਬਾੜੀ ਵਿਸ਼ੇ ਤਹਿਤ ਪੇਸ਼ ਕਰਨ ਅਤੇ ਸਾਰੇ ਸੂਬੇ ਨੂੰ ਇਕ ਸਰਕਾਰੀ ਮੰਡੀ ਬਣਾਉਣ ਜਿਵੇਂ ਕਿ ਛਤੀਸਗੜ੍ਹ ਨੇ ਕੀਤਾ ਹੈ, ਦੀ ਥਾਂ ’ਤੇ ਪੰਜਾਬ ਨੇ ਉਹਨਾਂ ਕੇਂਦਰੀ ਕਾਨੂੰਨਾਂ ਨੂੰ ਸੋਧਣ ਨੂੰ ਤਰਜੀਹ ਦਿੱਤੀ ਜੋ ਕਿ ਸਾਂਝੀ ਸੂਚੀ ਦਾ ਵਿਸ਼ਾ ਹਨ ਨਾ ਕਿ ਸੂੁਬਾ ਸਰਕਾਰਾਂ ਦੇ ਅਧਿਕਾਰ ਖੇਤਰ ਅਧੀਨ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਕੇਂਦਰ ਦੇ ਹੱਥਾਂ ਵਿਚ ਖੇਡ ਰਹੀ ਹੈ।
ਡਾ. ਚੀਮਾ ਨੇ ਦਿੱਲੀ ਵਿਚ ਦਿੱਤੇ ਜਾਣ ਵਾਲੇ ਧਰਨੇ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਆਪ ਪਿਛਲੇ 4 ਸਾਲਾਂ ਤੋਂ ਆਪਣੀ ਸਿਸਵਾਂ ਖੇਤੀਬਾੜੀ ਫਾਰਮ ’ਤੇ ਆਪਣੇ ਆਪ ਨੂੰ ਤਾਲਾ ਲਗਾਇਆ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹੁਣ ਇਸਦੀ ਥਾਂ ਦਿੱਲੀ ਤਬਦੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸਦਾ ਨਤੀਜਾ ਉਹੀ ਰਹੇਗਾ ਕਿ ਪੰਜਾਬ ਪ੍ਰਤੀ ਆਪਣੇ ਫਰਜ਼ਾਂ ਵਿਚ ਕੁਤਾਹੀ ਹੋਵੇਗੀ ਤੇ ਪੰਜਾਬੀ ਹਮੇਸ਼ਾ ਵਾਂਗ ਨਤੀਜੇ ਭੁਗਤਣਗੇ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਲੋਕਾਂ ਦਾ ਧਿਆਨ ਖਿੱਚਣ ਲਈ ਸਟੰਟ ਬੰਦ ਕਰ ਦੇਣ ਅਤੇ ਕਿਸਾਨਾਂ ਤੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੰਮ ਕਰਨ। ਉਹਨਾਂ ਕਿਹਾ ਕਿ ਲੋਕ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜੋ ਬਜਾਏ ਧਰਨੇ ਦੇ ਕੇ ਉਹਨਾਂ ਦੇ ਪੱਖ ਵਿਚ ਹਾਲਾਤ ਵਿਗਾੜੇ, ਉਸਦੀ ਥਾਂ ਮੁੱਖ ਮੰਤਰੀ ਲੋਕ ਸ਼ਿਕਾਇਤਾਂ ਦਾ ਨਿਪਟਾਰਾ ਕਰੇ।