ਚੰਡੀਗੜ੍ਹ, 19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪੀਕਰ ਰਾਣਾ ਕੇ ਪੀ ਨੂੰ ਮਿਲ ਕੇ ਕੱਲ੍ਹ ਕੱਲ੍ਹ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਦੀਆਂ ਕਾਪੀਆਂ ਮੈਂਬਰਾਂ ਨੂੰ ਸਪਲਾਈ ਨਾ ਕਰਨ ਵਿਰੁੱਧ ਰਸਮੀ ਤੌਰ ’ਤੇ ਰੋਸ ਦਰਜ ਕਰਵਾਇਆ ਅਤੇ ਉਹਨਾਂ ਨੂੰ ਅਕਾਲੀ ਦਲ ਦੇ ਮੈਂਬਰਾਂ ਨੂੰ ਪੰਜਾਬ ਭਵਨ ਵਿਚ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕਣ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਵੀ ਅਪੀਲ ਕੀਤੀ।
ਅਕਾਲੀ ਦਲ ਦੇ ਵਿਧਾਇਕ ਦਲ ਨੇ ਇਸ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਚਾਰ ਘੰਟੇ ਧਰਨਾ ਦਿੱਤਾ ਜਦੋਂ ਉਹਨਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਪਾਰਟੀ ਵਿਧਾਇਕਾਂ ਨੇ ਅੱਜ ਸਵੇਰੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਵਿਧਾਨ ਸਭਾ ਤੱਕ ਟਰੈਕਟਰ ਮਾਰਚ ਵੀ ਕੱਢਿਆ। ਉਹਨਾਂ ਜ਼ੋਰ ਦਿੱਤਾ ਕਿ ਤਜਵੀਜ਼ਸ਼ੁਦਾ ਬਿੱਲ ਤਿੰਨ ਕਰੋੜ ਪੰਜਾਬੀਆਂ ਨੂੰ ਇਸ ਕਰ ਕੇ ਨਹੀਂ ਵਿਖਾਏ ਗਏ ਕਿਉਂਕਿ ਉਹ ਮੋਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬੀਆਂ ਨਾਲ ਉਸੇ ਤਰੀਕੇ ਧੋਖਾ ਕਰ ਰਹੀ ਹੈ ਜਿਸ ਤਰੀਕੇ ਇਸਨੇ 2004 ਵਿਚ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਐਕਟ ਬਣਾਇਆ ਸੀ ਜਿਸ ਕਾਰਨ ਹਰਿਆਣਾ ਤੇ ਰਾਜਸਥਾਨ ਨੂੰ ਦਰਿਆਈ ਪਾਣੀ ਮਿਲਦਾ ਰਹਿਣਾ ਯਕੀਨੀ ਬਣਾਇਆ ਸੀ।
ਅਕਾਲੀ ਦਲ ਦੇ ਵਿਧਾਇਕ ਦਲ ਦੇ ਮੈਂਬਰਾਂ, ਜਿਹਨਾਂ ਨੇ ਸਪੀਕਰ ਨਾਲ ਅੱਜ ਸ਼ਾਮ ਨੂੰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮੁਲਾਕਾਤ ਕੀਤੀ, ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਅੱਜ ਤਿੰਨ ਮੰਤਰੀਆਂ ਨੇ ਉਹਨਾਂ ਦੇ ਹੁਕਮਾਂ ਦੇ ਉਲਟ ਕਿਸਾਨ ਜਥੇਬੰਦੀਆਂ ਨਲ ਮੀਟਿੰਗ ਕੀਤੀ ਤੇ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਮੁੱਖ ਗੇਟ ’ਤੇ ਰੋਸ ਮੁਜ਼ਾਹਰਾ ਕਰਨ ਕਾਰਨ ਪਿੱਛੋਂ ਤਾਰਾ ਟੱਪ ਕੇ ਭੱਜ ਗਏ।
ਸਪੀਕਰ ਨੇ ਪੱਤਰਕਾਰਾਂ ਸਾਹਮਣੇ ਮੰਨਿਆ ਕਿ ਉਹਨਾਂ ਨੇ ਕੱਲ੍ਹ ਰਾਤ ਮੰਤਰੀਆਂ ਨੂੰ ਕਿਸਾਨ ਪ੍ਰਤੀਨਿਧਾਂ ਨਾਲ ਮੀਟਿੰਗ ਕਰਨ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਪੰਜਾਬ ਭਵਨ ਨੂੰ ਵਿਧਾਨ ਸਭਾ ਦਾ ਹਿੱਸਾ ਐਲਾਨਿਆ ਗਿਆ ਹੈ। ਉਹਨਾਂ ਨੇ ਇਹ ਵੀ ਮੰਨਿਆ ਕਿ ਮੰਤਰੀਆਂ ਨੂੰ ਪੰਜਾਬ ਭਵਨ ਵਿਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਇਸ ਲਈ ਮਨਾਹੀ ਦੀਆਂ ਹਦਾਇਤਾਂ ਦਿੱਤੀਆਂ ਸਨ। ਉਹਨਾਂ ਨੇ ਅਕਾਲੀ ਵਿਧਾਇਕਾਂ ਨੂੰ ਇਹ ਵੀ ਦੱਸਿਆ ਕਿ ਉਹਨਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਸੀ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਉਹ ਮਾਮਲੇ ਵਿਚ ਕਾਰਵਾਈ ਕਰਨਗੇ।
ਇਸ ਦੌਰਾਨ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਸਪੀਕਰ ਨੂੰ ਇਹ ਵੀ ਦੱਸਿਆ ਕਿ ਕਾਂਗਰਸ ਵਿਧਾਇਕ ਦਲ ਨੇ ਉਹਨਾਂ ਦੇ ਅਹੁਦੇ ਦਾ ਅਪਮਾਨ ਕੀਤਾ ਹੈ ਕਿਉਂਕਿ ਉਸਨੇ ਆਪਣੇ ਤੌਰ ’ਤੇ ਹੀ ਸੈਸ਼ਨ ਦੀ ਮਿਆਦ ਵਧਾਉਣ ਦਾ ਐਲਾਨ ਕਰ ਦਿੱਤਾ ਹਾਲਾਂਕਿ ਇਸਦਾ ਫੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਕਰਨਾ ਹੁੰਦਾ ਹੈ।
ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਕੱਲ੍ਹ ਸਦਨ ਵਿਚ ਪੇਸ਼ ਕੀਤੇ ਜਾਣ ਵਾਲੇ ਤਜਵੀਜ਼ਸ਼ੁਦਾ ਕਾਨੂੰਨ ਨੂੰ ਵੀ ਮੈਂਬਰਾਂ ਨਾਲ ਸਾਂਝਾ ਨਾ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਉਹਨਾਂ ਨੇ ਮੀਡੀਆ ਅਤੇ ਵਿਰੋਧੀ ਧਿਰ ’ਤੇ ਪੰਜਾਬ ਭਵਨ ਸਮੇਤ ਵਿਧਾਨ ਸਭਾ ਦੇ ਕੰਪਲੈਕਸ ਵਿਚ ਲਾਈ ਪਾਬੰਦੀ ਵੀ ਖਤਮ ਕਰਨ ਦੀ ਮੰਗ ਕੀਤੀ।
ਇਸ ਮੌਕੇ ਹੋਰ ਅਕਾਲੀ ਵਿਧਾਇਕ ਜਿਹਨਾਂ ਨੇ ਪਾਰਟੀ ਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਉਹਨਾਂ ਵਿਚ ਐਨ ਕੇ ਸ਼ਰਮਾ, ਪਵਨ ਕੁਮਾਰ ਟੀਨੂੰ, ਲਖਬੀਰ ਸਿੰਘ ਲੋਧੀਨੰਗਲ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿਘੰ ਰੋਜ਼ੀ ਬਰਕੰਦੀ, ਡਾ. ਸੁਖਵਿੰਦਰ ਸਿੰਘ ਸੁੱਖੀ ਅਤੇ ਬਲਦੇਵ ਸਿੰਘ ਖਹਿਰਾ ਸ਼ਾਮਲ ਸਨ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਵੀ ਧਰਨੇ ਵਿਚ ਭਾਗ ਲਿਆ।