ਬਾਦਲ ਸਰਕਾਰ ਵੱਲੋਂ ਜ਼ਮੀਨ ਅਸਲ ਮਾਲਕਾਂ ਨੂੰ ਮੋੜਨ 'ਤੇ ਹੀ ਸਤਲੁਜ ਯਮੁਨਾ ਲਿੰਕ ਨਹਿਰ ਮਾਮਲਾ ਹਮੇਸ਼ਾ ਲਈ ਖਤਮ ਹੋ ਗਿਆ
ਪੰਜਾਬ ਕੋਲ ਦੇਣ ਲਈ ਵੀ ਇਕ ਵੀ ਬੂੰਦ ਪਾਣੀ ਫਾਲਤੂ ਨਹੀਂ : ਸੁਖਬੀਰ ਸਿੰਘ ਬਾਦਲ
ਚੰਡੀਗੜ•, 19 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੀ ਪ੍ਰਵਾਨ ਨਾ ਕੀਤੀ ਜਾ ਸਕਣ ਵਾਲੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਰਾਈਪੇਰੀਅਨ ਸਿਧਾਂਤਾਂ ਨੂੰ ਲੈ ਕੇ ਨਿਰੰਤਰ ਤੇ ਸਿਧਾਂਤਕ ਸਟੈਂਡ ਬਾਰੇ ਕੋਈ ਵੀ ਸਮਝੌਤਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਨਹਿਰ ਵਾਸਤੇ ਐਕਵਾਇਰ ਕੀਤੀ ਗਈ ਜ਼ਮੀਨ ਇਸਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਦੇਣ ਤੋਂ ਬਾਅਦ ਇਹ ਮਾਮਲਾ ਹਮੇਸ਼ਾ ਲਈ ਬੰਦ ਹੋ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰਸਪਸ਼ਟ ਤੌਰ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਖਾਸ ਤੌਰ 'ਤੇ ਇੰਦਰਾ ਗਾਂਧੀ ਵੱਲੋਂ ਕੀਤੇ ਘੋਰ ਅਨਿਆਂ ਬਾਰੇ ਦੱਸ ਦੇਣਾ ਚਾਹੀਦਾ ਸੀ ਕਿ ਕਿਵੇਂ ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ ਗਈ ਤੇ ਇਹ ਨਜਾਇਜ਼ ਤੌਰ 'ਤੇ ਰਾਜਸਥਾਨ ਤੇ ਹਰਿਆਣਾ ਨੂੰ ਦਿੱਤੇ ਗਏ । ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਗੁਰੂ ਨੇ ਪੰਜਾਬ ਦੇ ਮੌਤ ਦੇ ਵਾਰੰਟਾਂ 'ਤੇ ਹਸਤਾਖ਼ਰ ਕੀਤੇ ਸਨ ਜਦੋਂ ਇੰਦਰਾ ਗਾਂਧੀ ਨੇ ਆਖਿਆ ਸੀ ਕਿ ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲੈਣ ਜਾਂ ਫਿਰ ਦਰਿਆਈ ਪਾਣੀਆਂ 'ਤੇ ਪੰਜਾਬ ਦ ਹੱਕ ਬਚਾ ਲੈਣ ਤਾਂ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾ ਲਈ ਸੀ। ਪੰਜਾਬੀ ਹੁਣ ਵੀ ਦਰਬਾਰਾ ਸਿੰਘ ਵਰਗੇ ਕਾਂਗਰਸੀ ਆਗੂਆਂ ਦੀ ਲਾਲਸਾ ਦੀ ਕੀਮਤ ਆਪਣੀਆਂ ਜਾਨਾਂ ਨਾਲ ਅਦਾ ਕਰ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਇਕ ਨਹਿਰ ਦੀ ਉਸਾਰੀ ਕਰਨੀ ਉਹ ਵੀ ਉਦੋਂ ਜਦੋਂ ਇਹ ਨਹੀਂ ਪਤਾ ਕਿ ਇਸ ਵਿਚੋਂ ਲੰਘਣ ਵਾਸਤੇ ਪਾਣੀ ਹੈ ਵੀ ਜਾਂ ਨਹੀਂ, ਇਕ ਬੇਤੁਕਾ ਵਿਚਾਰ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੇ ਇਤਿਹਾਸ ਵਿਚ ਅਜਿਹੇ ਕਦੇ ਨਹੀਂ ਹੋਇਆ ਕਿ ਪਾਣੀ ਦੀ ਮਾਤਰਾ ਜਾਣੇ ਬਗੈਰ ਨਹਿਰ ਉਸਾਰੀ ਗਈ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਬਿਲਕੁਲ ਹੀ ਬੇਤੁਕੀ ਤੇ ਕਦੇ ਵੀ ਨਾ ਸੁਣੀ ਗਈ ਮੰਗ ਕਿਉਂ ਕੀਤੀ ਜਾ ਰਹੀ ਹੈ।
ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਪੰਜਾਬੀ ਅਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਨਹੀਂ ਹੋਣ ਦੇਵੇਗਾ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਸਮੇਂ ਪੇਸ਼ ਕੀਤੀਆਂ ਦਲੀਲਾਂ ਤੋਂ ਪੰਜਾਬੀ ਹੈਰਾਨ ਹਨ ਕਿਉਂਕਿ ਇਹ ਰਾਈਪੇਰੀਅਨ ਸਿਧਾਂਤ 'ਤੇ ਸਾਡੇ ਜਗਜਾਹਰ ਤੇ ਲਗਾਤਾਰਾ ਰਹੇ ਸਟੈਂਡ ਤੋਂ ਥਿੜਕਣ ਵਾਲੇ ਸਨ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਦਰਿਆਈ ਪਾਣੀਆਂ 'ਤੇ ਦਾਅਵਾ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤ 'ਤੇ ਆਧਾਰਿਤ ਹੈ। ਉਹਨਾਂ ਕਿਹਾ ਕਿ ਯਮੁਨਾ ਦੇ ਪਾਣੀਆਂ ਦਾ ਮਾਮਲਾ ਅਸਲ ਵਿਚ ਹਰਿਆਣਾ ਦੇ ਸਟੈਂਡ ਖਿਲਾਫ ਇਕ ਦਲੀਲ ਹੀ ਹੈ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਸਾਡੇ ਤੋਂ ਯਾਡੇ ਦਰਿਆਈ ਪਾਣੀ ਨਾ ਖੋਹੇ ਜਾਣ ਤੇ ਅਸੀਂ ਯਮੁਨਾ ਦੇ ਪਾਣੀ ਦੀ ਮੰਗ ਨਹੀਂ ਕਰ ਰਹੇ ਕਿਉਂਕਿ ਅਸੀਂ ਰਾਈਪੇਰੀਅਨ ਸਿਧਾਂਤ 'ਤੇ ਕਾਇਮ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਹਮਰੁਤਬਾ ਨੂੰ ਇਹ ਆਖਣਾ ਚਾਹੀਦਾ ਸੀ ਕਿ ਪੰਜਾਬ ਗੈਰ ਪੰਜਾਬ ਦਰਿਆਵਾਂ ਦਾ ਪਾਣੀ ਨਹੀਂ ਮੰਗ ਰਿਹਾ ਤੇ ਇਸੇ ਲਈ ਹਰਿਆਣਾ ਤੇ ਰਾਜਸਥਾਨ ਨੂੰ ਵੀ ਅੜ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੈਰ ਵਾਜਬ ਮੰਗ ਨਹੀਂ ਕਰਨੀ ਚਾਹੀਦੀ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਖਤਰਨਾਕ ਬਿਰਤਾਂਤ ਨੂੰ ਦਰੁਸਤ ਕਰਨ ਜੋ ਉਹਨਾਂ ਨੇ ਪੰਜਾਬ ਦਾ ਕੇਸ ਮਜ਼ਬੂਤੀ ਨਾਲ ਪੇਸ਼ ਕਰਨ ਵੇਲੇ ਆਪਣੀ ਯਮੁਨਾ ਵਾਲੀ ਦਲੀਲ ਨਾਲ ਦਿੱਤਾ ਹੈ ਜਾਂ ਫਿਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਦਾਅਵੇ ਨੂੰ ਕਮਜ਼ੋਰ ਕਰਨ ਦੀ ਕਾਰਵਾਈ ਅਸਲ ਵਿਚ ਉਹਨਾਂ ਵੱਲੋਂ ਕਪੂਰੀ ਵਿਖੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਦੀ ਸ਼ੁਰੂਆਤ ਵੇਲੇ ਇੰਦਰਾ ਗਾਂਧੀ ਨੂੰ ਦਿੱਤੀ ਕਹੀ ਦੀ ਯਾਦ ਤੋਂ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਜਦੋਂ ਅਮਰਿੰਦਰ ਸਿੰਘ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਦੇ ਰਹੇ ਸਨ, ਉਦੋਂ ਅਕਾਲੀ ਆਗੂ ਰੋਸ ਪ੍ਰਗਟ ਕਰ ਰਹੇ ਸਨ ਤੇ ਉਹਨਾਂ ਨੂੰ ਪੁਲਿਸ ਵੈਨਾਂ ਵਿਚ ਸੁੱਟ ਕੇ ਜੇਲ•ਾਂ ਵਿਚ ਡੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਆਪਣਾ ਹੀ ਪਾਣੀ ਮੰਗਣ 'ਤੇ ਦੇਸ਼ ਵਿਰੋਧੀ ਕਰਾਰ ਦਿੱਤਾ ਗਿਆ ਸੀ।
ਸਾਬਕਾ ਉਪ ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਵੱਲੋਂ ਉਦੋਂ ਵਿਧਾਨ ਸਭਾ ਦਾ ਸਾਹਮਣਾ ਕਰਨ ਤੋਂ ਭੱਜਣ ਦੀ ਵੀ ਨਿਖੇਧੀ ਕੀਤੀ ਜਦੋਂ ਪੰਜਾਬੀਆਂ ਨੂੰ ਅਜਿਹੇ ਅਹਿਮ ਮਸਲੇ ਦਰਪੇਸ਼ ਹਨ। ਉਹਨਾਂ ਕਿਹਾ ਕਿ ਇਹ ਲੋਕਾਂ ਦੇ ਪ੍ਰਤੀਨਿਧਾਂ ਵੱਲੋਂ ਇਕਸੁਰ ਵਿਚ ਸੂਬੇ ਦੇ ਅਹਿਮ ਹਿੱਤਾਂ ਦੀ ਗੱਲ ਕਰਨ ਦਾ ਮਜ਼ਬੂਤ ਕੇਸ ਸੀ ਪਰ ਵਿਧਾਨ ਸਭਾ ਦਾ ਸੈਸ਼ਨ ਸਿਰਫ ਇਕ ਦਿਨ ਤੱਕ ਸੀਮਤ ਕਰ ਕੇ ਕੈਪਟਨ ਨੇ ਲੋਕਾਂ ਨੂੰ ਬਾਕੀ ਮੁਲਕ ਨੂੰ ਇਹ ਮਜ਼ਬੂਤ ਸੰਦੇਸ਼ ਦੇਣ ਤੋਂ ਵਿਰਵਾ ਕਰ ਦਿੱਤਾ ਹੈ ਕਿ ਅਖੌਤੀ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਵੱਲ ਇਕ ਕਦਮ ਵੀ ਪੁੱਟਣਾ ਕਿੰਨਾ ਖਤਰਨਾਕ ਹੋ ਸਕਦਾ ਹੈ।