ਚੰਡੀਗੜ•, 14 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਵਿਚ 40 ਹਜ਼ਾਰ ਪ੍ਰਵਾਨਤ ਆਸਾਮੀਆਂ ਖਤਮ ਕਰਨ ਦਾ ਫੈਸਲਾ ਲੈਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਘਰ ਘਰ ਨੌਕਰੀ ਦੀ ਥਾਂ ਘਰ ਘਰ ਬੇਰੋਜ਼ਗਾਰੀ ਪਹੁੰਚਾ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ, ਜੋ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕਨਵੀਨਰ ਹਨ, ਨੇ ਕਿਹਾ ਕਿ ਪੀ ਐਸ ਪੀ ਸੀ ਐਲ ਵਿਚ 40 ਹਜ਼ਾਰ ਆਸਾਮੀਆਂ ਖਤਮ ਕਰਨ ਦਾ ਇਹ ਫੈਸਲਾ ਜਲ ਸਰੋਤ ਵਿਭਾਗ ਵਿਚ 8000 ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਿਚ 2267 ਆਸਾਮੀਆਂ ਖਤਮ ਕਰਨ ਦੇ ਨੇੜੇ ਹੀ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਵਿੰਗ ਨੂੰ ਵੀ ਸਰਕਾਰ ਨੇ ਨਹੀਂ ਬਖਸ਼ਿਆ ਤੇ ਇਸ ਵਿਚ ਸਟਾਫ 20 ਫੀਸਦੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬੇ ਵਿਚ ਨਵੀਂਆਂ ਸਰਕਾਰੀ ਨੌਕਰੀਆਂ ਦੀ ਸਿਰਜਣਾ ਦੀ ਥਾਂ ਕਾਂਗਰਸ ਸਰਕਾਰ ਪ੍ਰਵਾਨਤ ਆਸਾਮੀਆਂ ਵੀ ਖਤਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦੇ ਮਾਮਲੇ ਵਿਚ ਸਰਕਾਰ ਨੇ ਪਿਛਲੇ ਇਕ ਸਾਲ ਤੋਂ ਜਾਣ ਬੁੱਝ ਕੇ ਇਹ ਆਸਾਮੀਆਂ ਨਹੀਂ ਭਰੀਆਂ ਤੇ ਹੁਣ ਇਹ ਸਾਰੀਆਂ ਆਸਾਮੀਆਂ ਜੋ ਇਕ ਸਾਲ ਤੋਂ ਨਹੀਂ ਭਰੀਆਂ ਗਈਆਂ ਸਨ, ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਗਰਸ ਸਰਕਾਰ ਨੇ ਘਰ ਘਰ ਰੋਜ਼ਗਾਰ ਸਕੀਮ ਤਹਿਤ 50 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਤੱਕ ਸਿਰਫ 35000 ਨੌਕਰੀਆਂ ਦਿੱਤੀਆਂ ਗਈਆਂ ਹਨ ਜਦਕਿ 70000 ਤੋਂ ਵੱਧ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਜਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ, ਉਸ ਤੋਂ ਦੁੱਗਣਿਆਂ ਦਾ ਰੋਜ਼ਗਾਰ ਖੁੱਸ ਗਿਆ ਹੈ। ਉਹਨਾਂ ਕਿਹਾ ਕਿ ਇਹ ਉਹਨਾਂ ਨੌਜਵਾਨਾਂ ਨਾਲ ਘੋਰ ਅਨਿਆਂ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਰ ਪਰਿਵਾਰ ਵਿਚ ਇਕ ਇਕ ਨੌਕਰੀ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਸ੍ਰੀ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਪ੍ਰਵਾਨਤ ਆਸਾਮੀਆਂ ਖਤਮ ਨਹੀਂ ਕਰਨ ਦੇਵੇਗਾ ਅਤੇ ਮੁਹਿੰਮ ਸ਼ੁਰੂ ਕਰ ਕੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਸਾਰੀਆਂ ਆਸਾਮੀਆਂ ਨਿਸ਼ਚਿਤ ਸਮੇਂ ਅੰਦਰ ਭਰੇ ਜਾਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਯਕੀਨੀ ਬਣਾਉਣ ਲਈ ਨਵੀਂਆਂ ਨੌਕਰੀਆਂ ਦੀ ਸਿਰਜਣਾ ਕਰਨ ਦੀ ਵੀ ਮੰਗ ਕਰੇਗਾ।