ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਦੀ ਵਰਤੋਂ ਨਾ ਕਰਨ ਦੇ ਕਾਰਨ ਵੀ ਪੰਜਾਬੀਆਂ ਨੂੰ ਦੱਸੋ : ਡਾ. ਚੀਮਾ
ਚੰਡੀਗੜ•, 24 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਦੀ ਕਾਂਗਰਸ ਸਰਕਾਰ ਵੱਲੋਂ ਵਰਤੋਂ ਨਾ ਕੀਤੇ ਜਾਣ ਸੱਚ ਕਬੂਲ ਲਿਆ ਹੈ।
ਮੁੱਖ ਮੰਤਰੀ ਵੱਲੋਂ ਇਸ ਮਾਮਲੇ 'ਤੇ ਦਿੱਤੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਹਾਲੇ ਵੀ ਸਟੇਟ ਡਿਜ਼ਾਸਟਰ ਫੰਡ ਦੀ ਵਰਤੋਂ ਦੇ ਵੇਰਵੇ ਛੁਪਾ ਰਹੇ ਹਨ ਕਿਉਂਕਿ ਇਸ ਫੰਡ ਵਿਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸੂਬੇ ਕੋਲ ਅਣਵਰਤੀ ਪਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਪੈਸੇ ਦੀ ਵਰਤੋਂ ਹੁਨਰਮੰਦ ਵਰਕਰਾਂ, ਦਿਹਾੜੀਦਾਰਾਂ, ਛੋਟੇ ਵਪਾਰੀਆਂ, ਰਿਕਸ਼ਾ ਚਾਲਕਾਂ, ਟੈਕਸੀ ਚਾਲਕਾਂ ਤੇ ਮਾਲਕਾਂ ਆਦਿ ਸਮੇਤ ਉਹਨਾਂ ਲੱਖਾਂ ਲੋਕਾਂ ਦੀ ਮਦਦ ਵਾਸਤੇ ਕਿਉਂ ਨਹੀਂ ਕੀਤੀ ਗਈ ਜਿਹਨਾਂ ਨੇ ਲਾਕ ਡਾਊਨ ਕਾਰਨ ਆਪਣੇ ਰੋਜ਼ਗਾਰ ਗੁਆ ਲਏ ਹਨ ਤੇ ਇਹਨਾਂ ਕੋਲ ਦੋ ਵਕਤ ਦੀ ਰੋਟੀ ਦੇ ਸਾਧਨ ਵੀ ਨਹੀਂ ਬਚੇ।
ਪਾਰਟੀ ਨੇ 5.20 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਹਨਾਂ ਦੇ ਘਰਾਂ ਨੂੰ ਭੇਜਣ ਵਾਸਤੇ 29.5 ਕਰੋੜ ਰੁਪਏ ਖਰਚਣ 'ਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕੀਤਾ ਸੀ ਤੇ ਐਲਾਨ ਕੀਤਾ ਸੀ ਕਿ ਇਸ ਵਾਸਤੇ ਖਰਚਾ ਕਾਂਗਰਸ ਪਾਰਟੀ ਚੁੱਕੇਗੀ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰੀ ਪੈਸਾ ਆਪਣੀ ਪਾਰਟੀ ਦੇ ਪ੍ਰੋਗਰਾਮ ਵਾਸਤੇ ਵਰਤ ਕੇ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ।