ਬਿਕਰਮ ਸਿੰਘ ਮਜੀਠੀਆ ਨੇ ਲੋਕ ਵਿਰੋਧੀ ਕਦਮ ਕਰਾਰ ਦਿੰਦਿਆਂ ਇਸਨੂੰ ਤੁਰੰਤ ਵਾਪਸ ਲਏ ਜਾਣ ਦੀ ਕੀਤੀ ਮੰਗ
ਮੁੱਖ ਮੰਤਰੀ ਨੂੰ ਆਖਿਆ ਕਿ ਉਹ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਜਾਂਚ ਕਰਵਾ ਕੇ ਸੂਬੇ ਨੂੰ ਲੁੱਟਣ ਵਾਲਿਆਂ ਤੋਂ ਪੈਸੇ ਵਸੂਲਣ ਤਾਂ ਕਿ ਕੋਰੋਨਾ ਮਹਾਂਮਾਰੀ ਵੇਲੇ ਲੋਕਾਂ ਨੂੰ ਹੋਰ ਟੈਕਸਾਂ ਦੇ ਬੋਝ ਤੋਂ ਬਚਾਇਆ ਜਾ ਸਕੇ
ਚੰਡੀਗੜ•, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਜ਼ਮੀਨ ਦੀ ਵਿਕਰੀ 'ਤੇ ਇੰਤਕਾਲ ਫੀਸ ਦੁੱਗਣੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹੇ ਫੈਸਲੇ ਮਹਾਂਮਾਰੀ ਵੇਲੇ ਨਹੀਂ ਲਏ ਜਾਣੇ ਚਾਹੀਦੇ ਸਨ ਜਦੋਂਕਿ ਲੋਕਾਂ ਨੂੰ ਰਾਹਤ ਦੀ ਜ਼ਰੂਰਤ ਹੈ, ਉਦੋਂ ਉਹਨਾਂ 'ਤੇ ਨਵੇਂ ਟੈਕਸ ਥੋਪੇ ਜਾ ਰਹੇ ਹਨ।
ਇਸ ਸਬੰਧ ਵਿਚ ਪੰਜਾਬ ਮੰਤਰੀ ਮੰਡਲ ਦੇ ਫੈਸਲਿਆਂ 'ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਫੀਸ ਦੁੱਗਣੀ ਕਰਨ ਦੇ ਫੈਸਲੇ ਨੂੰ ਲੋਕ ਵਿਰੋਧੀ ਕਦਮ ਕਰਾਰ ਦਿੱਤਾ ਤੇ ਇਸਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ।
ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਛੋਟੀਆਂ ਛੋਟੀਆਂ ਗੱਲਾਂ 'ਤੇ ਸਿਆਣਪ ਵਿਖਾ ਰਹੀ ਹੈ ਜਦਕਿ ਵੱਡੇ ਮਸਲਿਆਂ ਪ੍ਰਤੀ ਅਣਜਾਣ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਕ ਤੋਂ ਬਾਅਦ ਇਕ ਟੈਕਸ ਥਲੇ ਪਿਸ ਰਹੇ ਹਨ। ਉਹਨਾਂ ਕਿਹਾ ਕਿ ਲੋਕ ਮਹਿੰਗੀਆਂ ਬਿਜਲੀ ਦਰਾਂ ਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ 'ਤੇ ਸਭ ਤੋਂ ਵੱਧ ਵੈਟ ਅਤੇ ਸਰਚਾਰਜ ਦੇ ਬੋਝ ਥੱਲੇ ਦਬੇ ਹਨ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਬੱਚਿਆਂ ਫੀਸ ਭਰ ਕੇ ਉਹਨਾਂ ਨੂੰ ਕੋਈ ਰਾਹਤ ਦੇਣ ਤੋਂ ਇਨਕਾਰੀ ਹੈ ਜਿਹਨਾਂ ਦੇ ਮਾਪੇ ਫੀਸ ਭਰਨ ਤੋਂ ਅਸਮਰਥ ਹਨ ਤੇ ਇਹਨਾਂ ਨੂੰ ਸਕੂਲ ਵਿਚੋਂ ਕੱਢਣ ਦਾ ਖ਼ਤਰਾ ਹੈ ।
ਉਹਨਾਂ ਕਿਹਾ ਕਿ ਕੈਬਨਿਟ ਨੂੰ ਅੱਜ ਕਿਸੇ ਰਾਹਤ ਦਾ ਐਲਾਨ ਕਰਨਾ ਚਾਹੀਦਾ ਸੀ ਪਰ ਬਜਾਏ ਇਸਦੇ ਉਸਨੇ ਇੰਤਕਾਲ ਫੀਸ ਵਧਾ ਕੇ ਲੋਕਾਂ 'ਤੇ ਨਵਾਂ ਬੋਝ ਪਾਇਆ ਹੈ। ਉਹਨਾਂ ਕਿਹਾ ਕਿ ਇੰਤਕਾਲ ਫੀਸ ਵਿਚ ਇਹ ਵਾਧਾ ਉਦੋਂ ਕੀਤਾ ਗਿਆ ਹੈ ਜਦੋਂ ਜਾਇਦਾਦ ਦੀ ਵਿਕਰੀ ਬਹੁਤ ਘੱਟ ਗਈ ਹੈ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਅਸ਼ਟਾਮ ਡਿਊਟੀ ਵਿਚ ਕਟੌਤੀ ਕਰੇ ਤਾਂ ਕਿ ਪ੍ਰਾਪਰਟੀ ਕਾਰੋਬਾਰ ਮੁੜ ਚੱਲੇ।
ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਉਹ ਨਜਾਇਜ਼ ਸ਼ਰਾਬ ਦੀ ਵੱਡੀ ਪੱਧਰ 'ਤੇ ਵਿਕਰੀ, ਸਮਗਲਿੰਗ ਤੇ ਬਾਟਲਿੰਗ ਕਾਰਨ ਹੋਏ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਆ ਘਾਟੇ ਦੀ ਨਿਰਪੱਖ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਬੀਜ ਘੁਟਾਲੇ ਅਤੇ ਹਾਲ ਹੀ ਵਿਚ ਹੋਏ ਬੀਮਾ ਘੁਟਾਲੇ ਦੀ ਵੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਰਕਾਰ ਸੂਬੇ ਦੇ ਖ਼ਜ਼ਾਨੇ ਦੀ ਲੁੱਟ ਕਰਨ ਵਾਲਿਆਂ ਤੋਂ ਇਹ ਪੈਸਾ ਉਗਰਾਹ ਸਕੇ ਤੇ ਆਮ ਲੋਕ ਕਰੋਨਾ ਮਹਾਂਮਾਰੀ ਵੇਲੇ ਟੈਕਸਾਂ ਦੀ ਮਾਰ ਹੇਠ ਆਉਣੋਂ ਬਚ ਜਾਣ।