ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਜਥੇਦਾਰ ਤੋਤਾ ਸਿੰਘ ਨੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਲੀਲ ਕਰਨ 'ਤੇ ਢੀਂਡਸਾ ਨੂੰ ਘੇਰਿਆ
ਨਾ ਢੀਂਡਸਾ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵਿਚ ਭਾਗ ਲਿਆ ਤੇ ਨਾ ਹੀ ਡੈਲੀਗੇਟ ਇਜਲਾਸ ਵਿਚ ਜਿਥੇ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੋਣ ਕੀਤੀ
ਚੰਡੀਗੜ•, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਵੀਂ ਬਣੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਆਖਿਆ ਕਿ ਉਹ ਲੋਕਤੰਤਰੀ ਕਦਰਾਂ ਕੀਮਤਾਂ ਦਾ ਸਨਮਾਨ ਕਰਨਾ ਸਿੱਖਣ ਤੇ ਅਜਿਹੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਕਰਨ ਜਿਸ ਨਾਲ ਉਹਨਾਂ ਦਾ ਕਦ ਨੀਵਾਂ ਹੁੰਦਾ ਹੋਵੇ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜ਼ਲੀਲ ਕਰਨ 'ਤੇ ਢੀਂਡਸਾ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਮ ਪੀ ਬਲਵਿੰਦਰ ਸਿੰਘ ਭੂੰਦੜ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸ੍ਰੀ ਢੀਂਡਸਾ ਇਕ ਸੀਨੀਅਰ ਸਿਆਸਤਦਾਨ ਹਨ ਤੇ ਉਹ ਚੰਗੀ ਤਰ•ਾਂ ਸਮਝਦੇ ਹਨ ਕਿ ਸਿਆਸੀ ਪਾਰਟੀਆਂ ਕਿਵੇਂ ਕੰਮ ਕਰਦੀਆਂ ਹਨ ਤੇ ਉਹਨਾਂ ਨੂੰ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪਾਰਟੀ, ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣੀ ਤਾਂ ਦੂਰ ਦੀ ਗੱਲ ਸ੍ਰੀ ਸੁਖਦੇਵ ਸਿੰਘ ਢੀਂਡਸਾ ਤਾਂ ਆਪਣੀ ਮਾਂ ਪਾਰਟੀ ਦੇ ਡੈਲੀਗੇਟ ਵੀ ਨਹੀਂ ਹਨ ਕਿਉਂਕਿ ਉਹਨਾਂ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਢੀਂਡਸਾ ਨੇ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਵਿਚ ਵੀ ਭਾਗ ਨਹੀਂ ਲਿਆ।
ਵੇਰਵੇ ਦਿੰਦਿਆਂ ਸੀਨੀਅਰ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਮੈਂਬਰਸ਼ਿਪ ਭਰਤੀ ਮੁਹਿੰਮ ਮਗਰੋਂ ਸਰਕਲ ਤੇ ਜ਼ਿਲ•ਾ ਯੂਨਿਟਾਂ ਦਾ ਗਠਨ ਕੀਤਾ ਗਿਆ ਤੇ ਪੰਜਾਬ ਭਰ ਵਿਚੋਂ 540 ਡੈਲੀਗੇਟ ਚੁਣੇ ਗਏ। ਇਹਨਾਂ ਡੈਲੀਗੇਟਾਂ ਨੇ ਜਨਰਲ ਇਜਲਾਸ ਵਿਚ ਭਾਗ ਲਿਆ ਜਿਥੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਪੁੱਤਰ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਇਸ ਇਜਲਾਸ ਵਿਚ ਸ਼ਾਮਲ ਨਹੀਂ ਹੋਏ ਤੇ ਉਹ ਢੁਕਵੇਂ ਫੋਰਮ 'ਤੇ ਪਾਰਟੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਦੀਆਂ ਗੱਲਾਂ ਕਰਦੇ ਹਨ।
ਸ੍ਰੀ ਭੂੰਦੜ ਤੇ ਜਥੇਦਾਰ ਤੋਤਾ ਸਿੰਘ ਨੇ ਸ੍ਰੀ ਢੀਂਡਸਾ ਨੂੰ ਕਿਹਾ ਕਿ ਉਹ ਲੋਕਾਂ ਨੂੰ ਗੁੰਮਰਾਹ ਨਾ ਕਰਨ ਤੇ ਇਹ ਦੱਸਣ ਕਿ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਿਸ ਵੱਲੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸਨੂੰ ਉਹ ਆਪਣੀ ਸਾਬਕਾ ਪਾਰਟੀ ਕਹਿੰਦੇ ਹਨ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸ੍ਰੀ ਢੀਂਡਸਾ ਕਾਂਗਰਸ ਨਾਲ ਸਾਜ਼ਿਸ਼ ਵਿਚ ਰਲ ਗਏ ਹਨ ਤੇ ਉਹੀ ਕਰ ਰਹੇ ਹਨ ਜੋ ਹਦਾਇਤਾਂ ਕਾਂਗਰਸ ਪਾਰਟੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਜ਼ਿਸ਼ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਉਹਨਾਂ ਵਰਤਿਆ ਹੈ। ਉਹਨਾਂ ਕਿਹਾ ਕਿ ਢੀਂਡਸਾ ਨੂੰ ਇਹ ਵੀ ਮਹਿਸੂਸ ਹੋ ਗਿਆ ਹੈ ਕਿ ਇਹ ਚੰਗੀ ਸਲਾਹ ਨਹੀਂ ਹੈ ਤੇ ਇਸੇ ਲਈ ਉਹਨਾਂ ਨੇ ਪਾਰਟੀ ਦਾ ਨਾਂ ਹੁਣ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਆਖਣਾ ਸ਼ੁਰੂ ਕਰ ਦਿੱਤਾ ਹੈ।
ਸੀਨੀਅਰ ਆਗੂਆਂ ਨੇ ਸ੍ਰੀ ਢੀਂਡਸਾ ਵੱਲੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜ਼ਲੀਲ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜ਼ਲੀਲ ਕਰਨ ਦੀ ਇਹ ਕਾਰਵਾਈ ਉਦੋਂ ਕੀਤੀ ਗਈ ਹੈ ਜਦੋਂ ਸੀਨੀਅਰ ਆਗੂ ਦਾ ਪੀ ਜੀ ਆਈ ਚੰਡੀਗੜ• ਵਿਚ ਇਲਾਜ ਚਲ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸ੍ਰੀ ਢੀਂਡਸਾ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਿੱਸਾ ਨਹੀਂ ਬਣੇ ਕਿਉਂਕਿ ਉਹ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਸ੍ਰੀ ਢੀਂਡਸਾ ਕੋਲ ਸ਼੍ਰੋਮਣੀ ਅਕਾਲੀ ਦਲ ਜਾਂ ਇਸਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੁਝ ਨਹੀਂ ਹੈ ਅਤੇ ਅਸਲ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਸਨ ਪਰ ਜਦੋਂ ਉਹਨਾਂ ਦੀ ਇਹ ਇੱਛਾ ਪੂਰੀ ਨਾ ਹੋਈ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਆਪਣੀ ਵੱਖਰੀ ਪਾਰਟੀ ਬਣਾ ਲਈ।
ਅਕਾਲੀ ਆਗੂਆਂ ਨੇ ਸ੍ਰੀ ਢੀਂਡਸਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਨੇ ਸਿਆਸੀ ਜੀਵਨ ਵਿਚ ਉਹਨਾਂ ਨੂੰ ਸਭ ਕੁਝ ਦਿੱਤਾ। ਉਹਨਾਂ ਕਿਹਾ ਕਿ ਢੀਂਡਸਾ ਨੇ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪੂਰੀ ਸ਼ਲਾਘਾ ਕੀਤੀ ਜਦੋਂ ਤੱਕ ਉਹ ਉਹਨਾਂ ਨੂੰ ਵਾਰ ਵਾਰ ਪਾਰਲੀਮਾਨੀ ਚੋਣਾਂ ਹਾਰਨ ਮਗਰੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਂਦੇ ਰਹੇ। ਹੁਣ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਵਿਚ ਨੁਕਸ ਦਿਸਣ ਲੱਗ ਪਏ ਹਨ ਜਿਸ ਨਾਲ ਲੋਕਾਂ ਸਾਹਮਣੇ ਉਹਨਾਂ ਦਾ ਚਰਿੱਤਰ ਬੇਨਕਾਬ ਹੋਇਆ ਹੈ।