ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਅਮਰਿੰਦਰ ਦੀ ਕਾਂਗਰਸ ਸਰਕਾਰ ਤਾਸ਼ ਦੇ ਪੱਤਿਆਂ ਵਾਂਗ ਡਿੱਗ ਜਾਵੇਗੀ: ਸੁਖਬੀਰ ਸਿੰਘ ਬਾਦਲ
ਨੀਲੋਂ/ਕੂਮ ਕਲਾਂ/ ਪਾਇਲ (ਲੁਧਿਆਣਾ): 09 ਅਪ੍ਰੈਲ: ਪੰਜਾਬ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਲੋਕ ਸਭਾ ਚੋਣਾਂ ਵਾਸਤੇ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਲਾਪਰਾਂ ਪਾਇਲ ਵਿਖੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਇਲ ਵਿਖੇ ਅਕਾਲੀ-ਭਾਜਪਾ ਗਠਜੋੜ ਦੀ ਹੋਈ ਰੈਲੀ ਦੌਰਾਨ ਸਰਦਾਰ ਲਾਪਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ।
ਸਰਦਾਰ ਬਾਦਲ ਨੇ ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਸਰਦਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਨੀਲੋਂ, ਕੂਮਕਲਾਂ ਅਤੇ ਪਾਇਲ ਵਿਖੇ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਈਸ਼ਰ ਸਿੰਘ ਮਿਹਰਬਾਨ ਅਤੇ ਖੰਨਾ ਦੇ ਭਾਜਪਾ ਪ੍ਰਧਾਨ ਸ੍ਰੀ ਅਜੇ ਸੂਦ ਵੀ ਹਾਜ਼ਿਰ ਸਨ।
ਸਮਰਾਲਾ ਨੇੜੇ ਨੀਲੋਂ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਮਗਰੋਂ ਪੰਜਾਬ ਵਿਚ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤਾਸ਼ ਦੇ ਪੱਤਿਆਂ ਵਾਂਗ ਡਿੱਗ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਨੇ ਇਹ ਦਾਅਵਾ ਕਰਦਿਆਂ ਲੋਕ ਸਭਾਂ ਚੋਣਾਂ ਦੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਕਿ ਇਹ ਸੂਬੇ ਅੰਦਰ ਸਾਰੀਆਂ 13 ਸੀਟਾਂ ਉਤੇ ਹੂੰਝਾ ਫੇਰੇਗੀ। ਅਚਾਨਕ ਹੀ ਪੰਜਾਬ ਵਿਰੋਧੀ ਅਤੇ ਪੰਥ ਵਿਰੋਧੀ ਕਾਂਗਰਸ ਖੇਮੇ ਵਿਚ ਕਬਰਸਤਾਨ ਵਰਗੀ ਚੁੱਪ ਪਸਰ ਗਈ ਹੈ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਲੋਕਾਂ ਅੰਦਰ ਕਾਂਗਰਸ ਸਰਕਾਰ ਖ਼ਿਲਾਫ ਪਨਪੇ ਗੁੱਸੇ ਨੂੰ ਵੇਖ ਕੇ ਕਾਂਗਰਸੀਆਂ ਦੇ ਹੋਸ਼ ਉੱਡ ਗਏ ਹਨ। ਇਹੀ ਵਜ੍ਹਾ ਹੈ ਕਿ ਕੁੱਝ ਸੀਟਾਂ ਉੱਤੇ ਉਮੀਦਵਾਰਾਂ ਦੀ ਘੋਸ਼ਣਾ ਕਰਨ ਦੇ ਬਾਵਜੂਦ ਉਹ ਅਜੇ ਤਕ ਚੋਣ ਮੈਦਾਨ ਵਿਚ ਆਉਣ ਦਾ ਹੌਂਸਲਾ ਨਹੀਂ ਜੁਟਾ ਪਾਏ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਤਿਹਾਸ ਵਿਚ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਵਜੋਂ ਯਾਦ ਕੀਤਾ ਜਾਵੇਗਾ। ਇਹੀ ਸਾਸ਼ਨ ਕਰਨ ਦੀ ਇੱਛਾ ਹੀ ਗੁਆ ਚੁੱਕੀ ਹੈ।
ਕੂਮਕਲਾਂ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੀ ਦੇ ਪਾਵਨ ਚਰਨਾਂ ਦੀ ਝੂਠੀ ਸਹੁੰ ਖਾਣ ਦੇ ਆਡਿਓ ਕਲਿੱਪ ਸੁਣਾਏ ਗਏ। ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਪ੍ਰਤੀ ਆਪਣੀ ਸ਼ਰਧਾ ਨੂੰ ਵੋਟ ਪਾਈ ਸੀ ਅਤੇ ਉਹ ਵਿਸ਼ਵਾਸ਼ ਕਰਦੇ ਸਨ ਕਿ ਕੋਈ ਵੀ ਵਿਅਕਤੀ ਦਸਮ ਪਾਤਸ਼ਾਹ ਦੀ ਸਹੁੰ ਖਾ ਕੇ ਨਹੀਂ ਮੁਕਰ ਸਕਦਾ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਸਮੇਤ ਸਮੁੱਚਾ ਖਾਲਸਾ ਪੰਥ ਪੰਜਾਬ ਵਿਰੋਧੀ ਅਤੇ ਪੰਥ ਵਿਰੋਧੀ ਕਾਂਗਰਸ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਬੁਰੀ ਤਰ੍ਹਾਂ ਠੱਗਿਆ ਗਿਆ ਮਹਿਸੂਸ ਕਰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਹੁਣ ਇਸ ਪੰਥ-ਵਿਰੋਧੀ ਝੂਠੇ ਆਗੂ ਅਤੇ ਇਸ ਦੀ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ਉੱਤੇ ਝੂਠ ਬੋਲਣ ਲਈ ਸਬਕ ਸਿਖਾਉਣ ਦਾ ਮੌਕਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਬੁਰੀ ਨੀਅਤ ਉਸੇ ਸਮੇਂ ਜੱਗਜਾਹਿਰ ਹੋ ਗਈ ਸੀ, ਜਦੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਉਸ ਨੇ ਪਹਿਲਾ ਐਲਾਨ ਇਹ ਕੀਤਾ ਸੀ ਕਿ ਹੁਣ ਉਹ ਕੋਈ ਚੋਣ ਨਹੀਂ ਲੜੇਗਾ। ਜਿਸ ਦਾ ਮਤਲਬ ਸੀ ਕਿ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਉੱਤੇ ਹੁਣ ਲੋਕ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ।
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਨੀਆ ਦਾ ਸਭ ਤੋਂ ਘੱਟ ਮਿਲਣਸਾਰ ਸਿਆਸਤਦਾਨ ਹੈ, ਜਿਸ ਦੇ ਕੈਬਨਿਟ ਸਾਥੀ ਵੀ ਉਸ ਨਾਲ ਹੋਈ ਮੁਲਾਕਾਤ ਨੂੰ ਇੱਕ ਮਿਹਰਬਾਨੀ ਵਜੋਂ ਲੈਂਦੇ ਹਨ।ਅਜਿਹੇ ਮੁੱਖ ਮੰਤਰੀ ਕੋਲੋਂ ਇੱਕ ਆਦਮੀ ਕੀ ਉਮੀਦ ਰੱਖ ਸਕਦਾ ਹੈ?
ਸਰਦਾਰ ਬਾਦਲ ਨੇ ਅਫਸੋਸ ਜਤਾਉਂਦਿਆ ਕਿਹਾ ਕਿ ਆਪਣੇ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਹੈ ਕਾਂਗਰਸ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਕੀਮਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਹੈ ਜਾਂ ਫਿਰ ਬਹੁਤ ਹੀ ਛੋਟੀਆਂ ਕਰ ਦਿੱਤੀਆਂ ਹਨ। ਮਿਸਾਲ ਵਜੋਂ ਕਾਂਗਰਸ ਨੇ ਸ਼ਗਨ ਦੀ ਰਾਸ਼ੀ 15 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਹਾਲਾਤ ਇਹ ਹਨ ਕਿ ਪਿਛਲੇ ਦੋ ਸਾਲਾਂ ਤੋਂ ਲਾਭਪਾਤਰੀਆਂ ਨੂੰ ਸ਼ਗਨ ਦੀ ਰਾਸ਼ੀ ਹੀ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਆਟਾ ਅਤੇ ਦਾਲ ਰੁਕ ਰੁਕ ਦੇ ਦਿੱਤਾ ਜਾਂਦਾ ਹੈ ਜਦਕਿ ਵਾਅਦੇ ਮੁਤਾਬਿਕ ਘਿਓ ਅਤੇ ਚੀਨੀ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਰੋਕ ਦਿੱਤੇ ਗਏ ਹਨ ਅਤੇ ਇਸ ਸੰਬੰਧੀ ਕੇਂਦਰ ਕੋਲੋ ਮਿਲੇ ਪੈਸਿਆਂ ਨੂੰ ਹੋਰਾਂ ਕੰਮਾਂ ਲਈ ਵਰਤ ਲਿਆ ਗਿਆ ਹੈ, ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਧਵਾਟੇ ਛੱਡਣੀ ਪੈ ਗਈ ਹੈ।