ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਖਿਲਾਫ ਕੀਤੇ ਜਾ ਰਹੇ ਜਬਰ ਖਿਲਾਫ ਸੰਘਰਸ਼ ਜਾਰੀ ਰੱਖਣਗੇ
ਵਿਧਾਨ ਸਭਾ ਸਪੀਕਰ ਨੂੰ ਕਿਹਾ, ਭਾਵੇਂ ਤੁਸੀਂ ਸਾਡੇ ਖਿਲਾਫ 10 ਕੇਸ ਦਰਜ ਕਰ ਲਵੋ ਪਰ ਅਸੀਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਨਹੀਂ ਛੱਡਾਂਗੇ
ਪਾਰਟੀ ਨੇ ਕਿਹਾ ਕਿ ਇਸਨੇ ਹਰਿਆਣਾ ਦੇ ਮੁੱਖ ਮੰਤਰੀ ਖਿਲਾਫ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਕੇ ਆਪਣਾ ਲੋਕਤੰਤਰੀ ਅਧਿਕਾਰ ਵਰਤਿਆ ਤੇ ਕੁਝ ਵੀ ਗਲਤ ਨਹੀਂ ਕੀਤਾ
ਚੰਡੀਗੜ੍ਹ, 12 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਕਿਹਾ ਕਿ ਸ਼੍ਰੋਮਣੀ ਕਆਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਸੰਘਰਸ਼ ਕੀਤਾ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਰਿਆਣਾ ਵਿਚ ਕਿਸਾਨਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਖਿਲਾਫ ਕੀਤੇ ਜਾ ਰਹੇ ਜਬਰ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖਣਗੇ ਭਾਵੇਂ ਉਹਨਾਂ ਖਿਲਾਫ 10 ਕੇਸ ਕਿਉਂ ਨਾ ਦਰਜ ਕਰ ਲਏ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਿੱਤੀ ਧਮਕੀ ਅਨੁਸਾਰ ਅਸੀਂ ਸਾਡੇ ਖਿਲਾਫ ਕੋਈ ਵੀ ਕੇਸ ਦਰਜ ਹੋਣ ਤੋਂ ਡਰਨ ਵਾਲੇ ਨਹੀਂ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਵਾਸਤੇ ਅਸੀਂ ਜੇਲ੍ਹ ਜਾਣ ਵਾਸਤੇ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਾਂਗੇ।
ਅਕਾਲੀ ਦਲ ਦੇ ਵਿਧਾਇਕਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਕਿਸਾਨਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਤੇ ਸਿੱਖ ਨੌਜਵਾਨਾਂ ਨਾਲ ਹਰਿਆਣਾ ਸਰਕਾਰ ਵੱਲੋਂ ਕੀਤੇ ਬੇਰਹਿਮੀ ਵਾਲੇ ਰਵੱਈਏ ਦੀ ਨਿਖੇਧੀ ਕਰ ਕੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਕੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਉਨੀ ਹੀ ਪੰਜਾਬ ਦੀ ਹੈ ਜਿੰਨੀ ਕਿ ਹਰਿਆਣਾ ਦੀ। ਉਹਨਾਂ ਕਿਹਾ ਕਿ ਹਰਿਆਣਾ ਸਕਰਾਰ ਉਹੀ ਦਮਨਕਾਰੀ ਨੀਤੀਆਂ ਸਾਡੇ ਖਿਲਾਫ ਵਰਤਣ ਦਾ ਯਤਨ ਕਰ ਰਹੀ ਹੈ ਜੋ ਉਸਨੇ ਕਿਸਾਨ ਅੰਦੋਲਨ ਦੇ ਖਿਲਾਫ ਵਰਤੀਆਂ ਹਨ। ਉਹਨਾਂ ਕਿਹਾ ਕਿ ਅਸੀਂ ਅੰਨਦਾਤ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ।
ਵਿਧਾਇਕਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵ ਕੁਮਾਰ ਦੇ ਨਾਲ ਕੀਤੇ ਅਣਮਨੁੱਖੀ ਵਿਵਹਾਰ ਅਤੇ ਰਣਜੀਤ ਕੌਰ ਤੇ ਹੋਰਨਾਂ ਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਵੀ ਚੁੱਕਿਆ ਸੀ। ਉਹਨਾਂ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਵਿਧਾਨ ਸਭਾ ਹਰਿਆਣਾ ਸਰਕਾਰ ਦੇ ਖਿਲਾਫ ਮਤਾ ਪਾਸ ਕਰੇ ਜਿਸ ਵਿਚ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ ਜਾਵੇ ਅਤੇ ਮਨੁੱਖੀ ਅਧਿਕਾਰ ਕਾਰਕੁੰਨ ’ਤੇ ਤਸ਼ੱਦਦ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਇਹ ਨੁਕਤੇ ਮੁੱਖ ਮੰਤਰੀ ਕੋਲ ਵੀ ਚੁੱਕੇ ਸਨ। ਅਸੀਂ ਅਜਿਹਾ ਕਰਦਿਆਂ ਆਪਣੇ ਅਧਿਕਾਰਾਂ ਦੇ ਮੁਤਾਬਕ ਸੀ।
ਅਕਾਲੀ ਵਿਧਾਇਕਾਂ ਨੇ ਸਪਸ਼ਟ ਕੀਤਾ ਕਿ ਜਿਥੇ ਤੱਕ ਕਿਸਾਨ ਅੰਦੋਲਨ ਦਾ ਸਵਾਲ ਹੈ ਤਾਂ ਹਰਿਆਣਾ ਤੇ ਪੰਜਾਬ ਦੇ ਕਿਸਾਨ ਇਕਜੁੱਟ ਹਨ। ਉਹਨਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਮੰਗ ਕੀਤੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨਾਲ ਨਿਆਂ ਕਰਨ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੁੰਦੇ ਸੀ ਕਿ ਕਿਸਾਨ ਅੰਦੋਲਨ ਵਿਚ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਅਤੇ ਉਹਨਾਂ ਨੂੰ ਅੰਨਦਾਤਾ ਦੀ ਆਵਾਜ਼ ਸੁਣ ਕੇ ਇਸ ਸਭ ਕੁਝ ਨੁੰ ਰੋਕਣਾ ਚਾਹੀਦਾ ਹੈ ਨਾ ਕਿ ਸ਼ਾਂਤੀਪੂਰਨ ਅੰਦੋਲਨ ਨੂੰ ਕੁਚਲਣ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣਾ ਇਹ ਕੰਮ ਜਾਰੀ ਰੱਖਾਂਗੇ।