ਚੰਡੀਗੜ•, 18 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਐਮ ਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ 21 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ 'ਅੰਨਦਾਤਾ' ਪ੍ਰਤੀ ਫਰਜ਼ ਪੂਰਾ ਕਰਨ ਵਾਸਤੇ ਤਾਕਤ ਦੇਣ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਗੇ। ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਹੋਵੇਗੀ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਤੇ ਬਠਿੰਡਾ ਦੇ ਮੈਂਬਰ ਪਾਰਲੀਮੈਂਟ 21 ਸਤੰਬਰ ਨੂੰ ਸਵੇਰੇ 11.00 ਵਜੇ ਸ੍ਰੀ ਦਰਬਾਰ ਸਾਹਬਿ ਪੁੱਜਣਗੇ। ਉਹਨਾਂ ਦਾ ਮੰਨਣਾ ਹੈ ਕਿ ਅਕਾਲ ਪੁਰਖ ਨੇ ਹੀ ਉਹਨਾਂ ਨੂੰ 'ਤਾਕਤ' ਬਖ਼ਸ਼ੀ ਜਿਸਦੀ ਬਦੌਲਤ ਉਹ ਸੰਸਦ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕਰਨ ਵਿਚ ਕਾਮਯਾਬ ਹੋਏ ਤੇ ਅਕਾਲੀ ਦਲ ਨੇ ਦੇਸ਼ ਦੇ ਕਿਸਾਨਾਂ ਲਈ ਡੱਟ ਕੇ ਸਟੈਂਡ ਲਿਆ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਦੋਵੇਂ 'ਅਰਦਾਸ' ਕਰਨਗੇ ਅਤੇ ਕਿਸਾਨ ਭਾਈਚਾਰੇ ਲਈ ਡੱਟਣ ਦਾ ਦ੍ਰਿੜ• ਸੰਕਲਪ ਤੇ ਵਚਨਬੱਧਤਾ ਨੂੰ ਦੁਹਰਾਉਣਗੇ ਤੇ ਆਪਣੇ ਆਪ ਨੂੰ ਇਹਨਾਂ ਦੀ ਸੇਵਾ ਲਈ ਸਮਰਪਿਤ ਕਰਨਗੇ। ਉਹ ਪੰਥ ਅਤੇ ਪੰਜਾਬ ਦੀ ਚੜ•ਦੀਕਲਾ ਲਈ ਵੀ ਅਰਦਾਸ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਮੀਰ ਤੇ ਸ਼ਾਨਾਮੱਤੇ ਵਿਰਸੇ ਨੂੰ ਬੁਲੰਦ ਰੱਖਣ ਦਾ ਨਿਮਾਣੇ ਹੋ ਕੇ ਇਕਰਾਰ ਵੀ ਕਰਨਗੇ।