ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਦਲਿਤ ਪਰਿਵਾਰਾਂ ਨੂੰ 2600 ਰੁਪਏ ਦਾ ਵਜ਼ੀਫਾ ਲੈਣ ਲਈ 2 ਹਜ਼ਾਰ ਰੁਪਏ ਖਰਚਣ ਵਾਸਤੇ ਮਜ਼ਬੂਰ ਕੀਤਾ ਜਾ ਰਿਹਾ ਹੈ
ਚੰਡੀਗੜ•/27 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਲਿਤ ਵਿਦਿਆਰਥੀਆਂ ਵਾਸਤੇ ਦਸਵੀਂ ਉਪਰੰਤ ਵਜ਼ੀਫਾ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ ਮਿਲੀ 442 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਵਿਚ ਨਾਕਾਮ ਰਹਿਣ ਮਗਰੋਂ ਕਾਂਗਰਸ ਸਰਕਾਰ ਵੱਲੋਂ ਹੁਣ ਇਸ ਸਮੁੱੁਚੀ ਸਕੀਮ 'ਚ ਅੜਿੱਕੇ ਪਾਉਣ ਲਈ ਨਵੇਂ ਉਮੀਦਵਾਰਾਂ ਕੋਲੋਂ ਆਮਦਨ ਸਰਟੀਫਿਕੇਟ ਮੰਗੇ ਜਾ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਅਗਲੇ ਅਕਾਦਮਿਕ ਸੈਸ਼ਨ ਦੌਰਾਨ ਸਕੂਲਾਂ ਵਿਚ ਦਾਖ਼ਲੇ ਲੈਣ ਲਈ ਵਜ਼ੀਫੇ ਲੈਣ ਵਾਸਤੇ ਦਲਿਤ ਵਿਦਿਆਰਥੀਆਂ ਨੂੰ ਆਮਦਨ ਸਰਟੀਫਿਕੇਟ ਜਮ•ਾਂ ਕਰਵਾਉਣ ਲਈ ਕਹਿ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤੀਕ ਵਿਦਿਆਰਥੀਆਂ ਨੂੰ ਇਹ ਵਜ਼ੀਫਾ ਲੈਣ ਲਈ ਸਿਰਫ ਇੱਕ ਸਵੈ ਐਲਾਨਨਾਮਾ ਦੇਣਾ ਪੈਂਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਦਲਿਤ ਪਰਿਵਾਰਾਂ ਨੂੰ ਇਸ ਸਕੀਮ ਮੁਤਾਬਿਕ ਸਾਲਾਨਾ 2600 ਰੁਪਏ ਹਾਸਿਲ ਕਰਨ ਲਈ 2 ਹਜ਼ਾਰ ਰੁਪਏ ਖਰਚ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਆਦਾਤਰ ਸੇਵਾ ਕੇਂਦਰ ਬੰਦ ਕਰ ਦਿੱਤੇ ਜਾਣ ਕਰਕੇ ਸੇਵਾ ਕੇਂਦਰਾਂ ਵਿਚ ਬਹੁਤ ਜ਼ਿਆਦਾ ਭੀੜ ਹੈ, ਜਿਸ ਲਈ ਦਲਿਤ ਪਰਿਵਾਰਾਂ ਨੂੰ ਆਮਦਨ ਸਰਟੀਫਿਕੇਟ ਹਾਸਿਲ ਕਰਨ ਲਈ 2-3 ਦਿਨ ਖਰਚ ਕਰਨੇ ਪੈ ਰਹੇ ਹਨ। ਉਹਨਾਂ ਕਿਹਾ ਕਿ ਦਲਿਤ ਪਰਿਵਾਰਾਂ ਦੇ ਫਾਰਮਾਂ, ਫੀਸ, ਫਾਰਮਾਂ ਦੀ ਭਰਵਾਈ ਅਤੇ ਕੁੱਝ ਅਧਿਕਾਰੀਆਂ ਕੋਲੋਂ ਇਹਨਾਂ ਨੂੰ ਤਸਦੀਕ ਕਰਵਾਉਣ ਆਦਿ ਕੰਮਾਂ ਉੱਤੇ 2000 ਹਜ਼ਾਰ ਰੁਪਏ ਦੇ ਕਰੀਬ ਖਰਚ ਹੋ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਸਰਟੀਫਿਕੇਟ ਲੈਣ ਲਈ ਦਿਹਾੜੀਆਂ ਵੱਖਰੀਆਂ ਭੰਨਣੀਆਂ ਪੈ ਰਹੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਇਹ ਸਭ ਦਲਿਤ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਲਾਭ ਦੇਣ ਤੋਂ ਇਨਕਾਰ ਕਰਨ ਵਾਸਤੇ ਕੀਤਾ ਜਾ ਰਿਹਾ ਹੈ, ਸ੍ਰੀ ਟੀਨੂੰ ਨੇ ਕਿਹਾ ਕਿ ਸਰਕਾਰ ਸੂਬੇ ਦੇ ਵੱਖ ਵੱਖ ਕਾਲਜਾਂ ਅੰਦਰ ਪੜ• ਰਹੇ 2 ਲੱਖ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੀ ਰਾਸ਼ੀ ਦੇ 442 ਕਰੋੜ ਰੁਪਏ ਪਹਿਲਾਂ ਹੀ ਦੱਬੀ ਬੈਠੀ ਹੈ। ਉਹਨਾਂ ਕਿਹਾ ਕਿ ਹੁਣ ਇਸ ਲਈ ਅੜਿੱਕੇ ਖੜ•ੇ ਕੀਤੇ ਜਾ ਰਹੇ ਹਨ ਤਾਂ ਕਿ ਸਕੂਲਾਂ ਵਿਚ ਇਹਨਾਂ ਵਜ਼ੀਫਿਆਂ ਨੂੰ ਲੈਣ ਦੇ ਚਾਹਵਾਨ ਵਿਦਿਆਰਥੀ ਅਜਿਹਾ ਨਾ ਕਰ ਸਕਣ। ਸਰਕਾਰ ਦੇ ਇਸ ਨਾਲ ਦੋ ਮੰਤਵ ਪੂਰੇ ਹੋ ਰਹੇ ਹਨ। ਇੱਕ ਪਾਸੇ ਇਹ ਵਜ਼ੀਫਿਆਂ ਦੇ ਪੈਸੇ ਹੋਰ ਪਾਸੇ ਖਰਚ ਚੁੱਕੀ ਹੋਣ ਕਰਕੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਤੋਂ ਇਨਕਾਰ ਕਰ ਦੇਵੇਗੀ ਅਤੇ ਦੂਜੇ ਪਾਸੇ ਇਸ ਮਕਸਦ ਵਿਚ ਵੀ ਸਫਲ ਹੋ ਜਾਵੇਗੀ ਕਿ ਗਰੀਬ ਵਿਦਿਆਰਥੀ ਉੱਚ ਵਿੱਦਿਆ ਨਾ ਹਾਸਲ ਕਰ ਪਾਉਣ। ਇਸ ਤਰ•ਾਂ ਸਰਕਾਰ ਦੀ ਪਹਿਲਾਂ ਤੋਂ ਹੀ ਸਿਰਫ ਕਾਗਜ਼ਾਂ ਦਾ ਸ਼ਿੰਗਾਰ ਬਣੀ ਘਰ ਘਰ ਨੌਕਰੀ ਸਕੀਮ ਤਹਿਤ ਕੋਈ ਵੀ ਰੁਜ਼ਗਾਰ ਮੰਗਣ ਵਾਲਾ ਨੌਜਵਾਨ ਨਹੀਂ ਹੋਵੇਗਾ।
ਇਹ ਟਿੱਪਣੀ ਕਰਦਿਆਂ ਕਿ ਸੇਵਾ ਕੇਂਦਰਾਂ ਵਿਚ ਲੱਗੀਆਂ ਲੰਬੀਆਂ ਲਾਈਨਾਂ ਵੇਖੀਆਂ ਜਾ ਸਕਦੀਆਂ ਹਨ, ਅਕਾਲੀ ਆਗੂ ਨੇ ਕਿਹਾ ਕਿ ਵਜ਼ੀਫੇ ਲੈਣ ਦੀ ਇਸ ਬੇਹੱਦ ਔਖੀ ਪ੍ਰਕਿਰਿਆ ਕਰਕੇ ਬਹੁਤ ਸਾਰੇ ਦਲਿਤ ਪਰਿਵਾਰ ਵਜ਼ੀਫਿਆਂ ਤੋਂ ਕਿਨਾਰਾ ਕਰ ਰਹੇ ਹਨ, ਜਿਸ ਨਾਲ ਹਜ਼ਾਰਾਂ ਹੀ ਦਲਿਤ ਵਿਦਿਆਰਥੀ ਉੱਚ ਵਿੱਦਿਆ ਤੋਂ ਵਾਂਝੇ ਰਹਿ ਜਾਣਗੇ। ਇਹ ਮੰਗ ਕਰਦਿਆਂ ਕਿ ਕਾਂਗਰਸ ਸਰਕਾਰ ਨੂੰ ਪੁਰਾਣਾ ਸਿਸਟਮ ਲਾਗੂ ਕਰੇ ਤਾਂ ਕਿ ਨਵੇਂ ਵਿਦਿਆਰਥੀ ਸਵੈ ਐਲਾਨਨਾਮਾ ਦੇ ਕੇ ਵਜ਼ੀਫੇ ਹਾਸਿਲ ਕਰ ਸਕਣ, ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਅੰਦੋਲਨ ਕਰਕੇ ਕਾਂਗਰਸ ਸਰਕਾਰ ਨੂੰ ਆਪਣੀਆਂ ਦਲਿਤ-ਵਿਰੋਧੀ ਨੀਤੀਆਂ ਵਾਪਸ ਲੈਣ ਲਈ ਮਜ਼ਬੂਰ ਕਰੇਗਾ।
ਸ੍ਰੀ ਟੀਨੂੰ ਨੇ ਇਹ ਜਾਣਨ ਲਈ ਵੀ ਇੱਕ ਉੱਚ ਪੱਧੀ ਕੇਂਦਰੀ ਜਾਂਚ ਦੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਦਲਿਤ ਵਿਦਿਆਰਥੀਆਂ ਲਈ ਕੇਂਦਰ ਕੋਲੋਂ ਹਾਸਿਲ ਕੀਤੇ 442 ਕਰੋੜ ਰੁਪਏ ਕਿਉਂ ਜਾਰੀ ਨਹੀਂ ਕਰ ਰਹੀ ਹੈ? ਉਹਨਾਂ ਨੇ ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਨੂੰ ਇੱਕ ਅਜਿਹਾ ਪ੍ਰਬੰਧ ਬਣਾਉਣ ਦੀ ਅਪੀਲ ਕੀਤੀ ਕਿ ਵਜ਼ੀਫੇ ਦੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਹੁੰਚ ਜਾਵੇ ਅਤੇ ਪੰਜਾਬ ਸਰਕਾਰ ਦੀ ਇਸ ਵਿਚ ਕੋਈ ਦਖ਼ਲਅੰਦਾਜ਼ੀ ਨਾ ਰਹੇ।