ਚੰਡੀਗੜ੍ਹ/12 ਜੂਨ: ਹਰਿਆਣਾ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਅਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੂਨ ਮਹੀਨੇ ਵਿਚ ਸਿਰਸਾ, ਅੰਬਾਲਾ ਅਤੇ ਕੁਰਕੂਸ਼ੇਤਰ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਹਰਿਆਣਾ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਵੱਲੋਂ 23 ਜੂਨ ਨੂੰ ਸਿਰਸਾ ਵਿਚ, 25 ਜੂਨ ਨੂੰ ਅੰਬਾਲਾ ਵਿਚ ਅਤੇ 30ਜੂਨ ਨੂੰ ਕੁਰਕੂਸ਼ੇਤਰ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ।
ਸਰਦਾਰ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਡੀਆਂ ਰੈਲੀਆਂ ਕਰਕੇ ਹਰਿਆਣਾ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਸਨ। ਇਹਨਾਂ ਰੈਲੀਆਂ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸੰਬੋਧਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਰੈਲੀਆਂ ਨੇ ਹਰਿਆਣਾ ਵਿਚ ਲੋਕ ਸਭਾ ਚੋਣ ਨਤੀਜਿਆਂ ਦੀ ਰੂਪ ਰੇਖਾ ਨਿਸ਼ਚਿਤ ਕਰ ਦਿੱਤੀ ਸੀ, ਕਿਉਂਕਿ ਅਕਾਲੀ ਦਲ ਡਟ ਕੇ ਭਾਜਪਾ ਦਾ ਸਮਰਥਨ ਕੀਤਾ ਸੀ।
ਸਰਦਾਰ ਭੂੰਦੜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਕੀਤੇ ਐਲਾਨ ਮੁਤਾਬਿਕ ਹਰਿਆਣਾ ਅੰਦਰ ਅਕਾਲੀ ਦਲ ਭਾਜਪਾ ਨਾਲ ਮਿਲ ਕੇ ਅਸੰਬਲੀ ਚੋਣਾਂ ਲੜੇਗਾ ਅਤੇ ਇਸ ਨੂੰ ਢੁੱਕਵੀਆਂ ਸੀਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਹਨਾਂ ਦੀ ਸੀਟਾਂ ਦੀ ਵੰਡ ਨੂੰ ਲੈ ਕੇ ਕੁੱਝ ਸਮਾਂ ਲੱਗ ਸਕਦਾ ਹੈ, ਅਕਾਲੀ ਦਲ ਨੇ ਅਸੰਬਲੀ ਚੋਣਾਂ ਦੀ ਤਿਆਰੀ ਲਈ ਪੰਜਾਬੀ ਵਸੋ ਵਾਲੇ ਇਲਾਕਿਆਂ ਅੰਦਰ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚ 30 ਦੇ ਕਰੀਬ ਅਜਿਹੀਆਂ ਅਸੰਬਲੀ ਸੀਟਾਂ ਹਨ, ਜਿੱਥੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਉੁਹਨਾਂ ਕਿਹਾ ਕਿ ਇਸ ਮਹੀਨੇ ਕੀਤੀਆਂ ਜਾਣ ਵਾਲੀਆਂ ਇਹਨਾਂ ਤਿੰਨ ਮੀਟਿੰਗਾਂ ਤੋਂ ਬਾਅਦ ਅਕਾਲੀ ਦਲ ਵੱਲੋਂ ਪੂਰੇ ਸੂਬੇ ਅੰਦਰ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।