ਕਿਹਾ ਕਿ ਅਖੌਤੀ ਟਕਸਾਲੀ ਕਾਂਗਰਸ ਨੇ ਖੜ੍ਹੇ ਕੀਤੇ ਹਨ
ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਅਕਾਲੀ ਦਲ ਵਿਚ ਸ਼ਾਮਿਲ ਹੋਏ
ਅੰਮ੍ਰਿਤਸਰ/15 ਅਪ੍ਰੈਲ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਖੌਤੀ ਟਕਸਾਲੀ ਖਡੂਰ ਸਾਹਿਬ ਦੇ ਚੋਣ ਮੈਦਾਨ ਵਿੱਚੋਂ ਇਸ ਲਈ ਬੋਰੀ ਬਿਸਤਰਾ ਚੁੱਕ ਕੇ ਭੱਜ ਗਏ ਹਨ, ਕਿਉਂਕਿ ਲੋਕਾਂ ਵੱਲੋਂ ਉਹਨਾਂ ਨੂੰ ਨਕਾਰਿਆ ਜਾ ਚੁੱਕਾ ਹੈ ਅਤੇ ਉਹਨਾਂ ਨੂੰ ਆਪਣੀ ਸ਼ਰਮਨਾਕ ਹਾਰ ਸਾਹਮਣੇ ਦਿਸ ਰਹੀ ਸੀ।
ਉਹ ਇੱਥੇ ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਦੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਸਮੇਂ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਅਵਤਾਰ ਸਿੰਘ ਕਾਂਗਰਸ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਅੰਦਰ ਸਾਰੇ ਵਿਕਾਸ ਕਾਰਜਾਂ ਉੱਤੇ ਲਾਈ ਰੋਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਖਾਧੀ ਝੂਠੀ ਸਹੁੰ ਤੋਂ ਨਾਰਾਜ਼ ਹੋ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।
ਇਸ ਮੌਕੇ ਉਤੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਹਨਾਂ ਦੀ ਟੀਮ ਚੋਣ ਮੈਦਾਨ ਚੋਂ ਭੱਜਣ ਲਈ ਇੰਨੇ ਕਾਹਲੇ ਸਨ ਕਿ ਉਹ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਨੂੰ ਇਸ ਦੀ ਸੂਚਨਾ ਦੇਣੀ ਹੀ ਭੁੱਲ ਗਏ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਆਪਣੀ ਚਮੜੀ ਬਚਾਉਣ ਲਈ ਜਨਰਲ ਸਾਹਿਬ ਨੂੰ ਮੂਰਖ ਬਣਾਇਆ ਹੈ। ਇੱਕ ਸਨਮਾਨਿਤ ਫੌਜੀ ਨੂੰ ਆਪਣੀ ਟੀਮ ਵੱਲੋਂ ਦਿੱਤੇ ਧੋਖੇ ਕਰਕੇ ਨਮੋਸ਼ੀ ਨਾਲ ਮੈਦਾਨ ਵਿਚੋਂ ਭੱਜਣਾ ਪਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਇਹਨਾਂ ਅਖੌਤੀ ਟਕਸਾਲੀਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਰੋਜ਼ਾਨਾ ਉਹਨਾਂ ਦੇ ਆਪਣੇ ਬੰਦੇ ਉਹਨਾਂ ਛੱਡ ਕੇ ਭੱਜ ਰਹੇ ਹਨ, ਕਿਉਂਕਿ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਇਹ ਪੂਰੀ ਜਥੇਬੰਦੀ ਇੱਕ ਕਾਂਗਰਸੀ ਟੀਮ ਹੈ, ਜਿਸ ਨੂੰ ਨਾ ਸਿਰਫ ਕਾਂਗਰਸ ਨੇ ਖੜ੍ਹਾ ਕੀਤਾ ਹੈ, ਸਗੋਂ ਇਸ ਦਾ ਖਰਚਾ ਵੀ ਕਾਂਗਰਸ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸੇ ਕਰਕੇ ਲੋਕਾਂ ਨੇ ਇਹਨਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਖੌਤੀ ਟਕਸਾਲੀਆਂ ਦੇ ਇਸ ਐਲਾਨ ਨਾਲ ਲੋਕ ਬੇਵਕੂਫ ਨਹੀਂ ਬਣਨਗੇ ਕਿ ਉਹਨਾਂ ਨੇ ਜੇਜੇ ਸਿੰਘ ਨੂੰ ਉਮੀਦਵਾਰ ਵਜੋਂ ਹਟਾ ਲਿਆ ਹੈ। ਉਹਨਾਂ ਕਿਹਾ ਕਿ ਅਸਲੀ ਵਜ੍ਹਾ ਇਹ ਹੈ ਕਿ ਇਹ ਅਖੌਤੀ ਟਕਸਾਲੀ ਆਪਣਾ ਆਧਾਰ ਖੋ ਚੁੱਕੇ ਹਨ। ਉਹਨਾਂ ਨੂੰ ਹਾਰ ਸਾਹਮਣੇ ਦਿਸ ਰਹੀ ਸੀ। ਦੂਜਾ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਹ ਕਹਿ ਕੇ ਉਮੀਦਵਾਰ ਹਟਾਉਣ ਦਾ ਹੁਕਮ ਦੇ ਦਿੱਤਾ ਸੀ, ਨਹੀਂ ਤਾਂ ਉਹਨਾਂ ਵਿੱਤੀ ਮੱਦਦ ਬੰਦ ਕਰ ਦਿੱਤੀ ਜਾਵੇਗੀ।
ਸਾਬਕਾ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਬਿਤ ਹੋ ਗਿਆ ਹੈ ਕਿ ਇਹ ਜਾਅਲੀ ਜਥੇਬੰਦੀ ਕਾਂਗਰਸ ਦੀ ਬੀ ਟੀਮ ਹੈ। ਉਹਨਾਂ ਕਿਹਾ ਕਿ ਇਸ ਗਰੁੱਪ ਦੀ ਚੋਣ ਲੜਣ ਵਿਚ ਕਦੇ ਵੀ ਦਿਲਚਸਪੀ ਨਹੀਂ ਸੀ, ਕਿਉਂਕਿ ਉਹ ਜ਼ਮੀਨੀ ਹਕੀਕਤ ਜਾਣਦੇ ਸਨ। ਉਹਨਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਖੁਦ ਚੋਣ ਲੜਣ ਦੀ ਜਨਰਲ ਜੇਜੇ ਸਿੰਘ ਨੂੰ ਮੈਦਾਨ ਵਿਚ ਉਤਾਰ ਦਿੱਤਾ ਸੀ। ਹੁਣ ਉਹਨਾਂ ਨੇ ਜਰਨਲ ਸਾਹਿਬ ਨੂੰ ਵੀ ਅੱਧਵਾਟੇ ਡੋਬ ਦਿੱਤਾ ਹੈ।
ਇਸੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਅਵਤਾਰ ਸਿੰਘ ਟਰੱਕਾਂਵਾਲਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਨੇ ਬਹੁਤ ਦੁੱਖ ਪਹੁੰਚਾਇਆ ਕਿ ਪਵਿੱਤਰ ਸ਼ਹਿਰ ਅੰਦਰ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਇਕ ਵੀ ਵਾਦਾ ਪੂਰਾ ਨਹੀਂ ਕੀਤਾ। ਇਹੀ ਕਾਰਣ ਹੈ ਕਿ ਮੈਂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਝੰਡੇ ਥੱਲੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਪਾਰਟੀ ਆਗੂ ਤਲਬੀਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।