ਚੰਡੀਗੜ•/23 ਫਰਵਰੀ: ਯੂਥ ਅਕਾਲੀ ਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਵਾਲੀ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ ਪੰਜਾਬ ਵਿਚ ਆਪਣੇ ਪੰਜ ਜ਼ੋਨਾਂ ਅੰਦਰ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਦੀ ਸ਼ੁਰੂਆਤ 3 ਮਾਰਚ ਨੂੰ ਲੁਧਿਆਣਾ ਵਿਖੇ ਰੈਲੀ ਕਰਕੇ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਜਨਰਲ ਸਕੱਤਰ (ਇੰਚਾਰਜ ਯੂਥ) ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਇਹਨਾਂ ਸਾਰੀਆਂ ਰੈਲੀਆਂ ਦੀ ਅਗਵਾਈ ਕੀਤੀ ਜਾਵੇਗੀ। ਉਹਨਾਂ ਕਾਂਗਰਸ ਨੂੰ ਝਟਕਾ ਦੇਣ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਇਹਨਾਂ ਰੈਲੀਆਂ ਵਿਚ ਭਾਗ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਇਹਨਾਂ ਰੈਲੀਆਂ ਰਾਹੀਂ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ, ਖਾਸ ਕਰਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ।
ਇਹਨਾਂ ਰੈਲੀਆਂ ਦੇ ਵੇਰਵੇ ਦਿੰਦਿਆਂ ਸਰਦਾਰ ਸਾਬੀ ਨੇ ਕਿਹਾ 3 ਮਾਰਚ ਦੀ ਲੁਧਿਆਣਾ ਵਾਲੀ ਰੈਲੀ ਤੋਂ ਇਲਾਵਾ 4 ਮਾਰਚ ਨੂੰ ਪਟਿਆਲਾ ਵਿਖੇ, 6 ਮਾਰਚ ਨੂੰ ਮਲੋਟ ਵਿਖੇ , 7 ਮਾਰਚ ਨੂੰ ਗੁਰਦਾਸਪੁਰ ਅਤੇ 8 ਮਾਰਚ ਨੂੰ ਹੁਸ਼ਿਆਰਪੁਰ ਵਿਖੇ ਯੂਥ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ।