ਚੰਡੀਗੜ•, 14 ਜੁਲਾਈ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਸੂਬੇ ਵਿਚ ਵੱਖ ਵੱਖ ਰਾਜਸੀ ਪਾਰਟੀਆਂ ਨੂੰ ਲੈ ਕੇ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ ਤੇ ਦੋ ਕਾਨੂੰਨ ਕਿਉਂ ਲਾਗੂ ਕੀਤੇ ਜਾ ਰਹੇ ਹਨ ?
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਰੋਮਾਣਾ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਦਿਸ਼ਾ ਨਿਰਦੇਸ਼ਾਂ ਦੀ ਆੜ ਵਿਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਕਾਲੀ ਦਲ ਦੇ ਮਾਮਲੇ ਵਿਚ ਵੱਖਰੇ ਮਾਪਦੰਡ ਅਪਣਾਏ ਜਾ ਰਹੇ ਹਨ ਤੇ ਕਾਂਗਰਸ ਤੇ ਉਸਦੀਆਂ ਸਹਿਯੋਗੀ ਆਪ ਤੇ ਹੋਰ ਪਾਰਟੀਆਂ ਦੇ ਮਾਮਲੇ ਵਿਚ ਵੱਖਰੇ ਮਾਪਦੰਡ ਅਪਣਾਏ ਜਾ ਰਹੇ ਹਨ।
ਵੱਖ ਵੱਖ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ੍ਰੀ ਰੋਮਾਣਾ ਨੇ ਦੱਸਿਆ ਕਿ ਕੱਲ• ਫਰੀਦਕੋਟ ਵਿਚ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਦੇ ਅਹੁਦਾ ਸੰਭਾਲਣ ਦਾ ਸਮਾਗਮ ਰੱਖਿਆ ਗਿਆ ਜਿਸ ਵਿਚ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਇਥੇ ਕੋਰੋਨਾ ਨਿਰਦੇਸ਼ਾਂ ਦੀਆਂ ਜੰਮਕੇ ਧੱਜੀਆਂ ਉਡਾਈਆਂ ਗਈਆਂ ਪਰ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਇਸੇ ਤਰੀਕੇ ਗਿੱਦੜਬਾਹਾ ਹਲਕੇ ਵਿਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੱਲੋਂ ਪ੍ਰੋਗਰਾਮ ਕੀਤੇ ਗਏ ਤੇ ਨਿਯਮਾ ਦੀਆਂ ਜੰਮ ਕੇ ਧੱਜੀਆਂ ਉਡੀਆਂ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਸ੍ਰੀ ਰੋਮਾਣਾ ਨੇ ਦੱਸਿਆ ਕਿ ਕਾਂਗਰਸ ਦੀਆਂ ਸਹਿਯੋਗ ਪਾਰਟੀਆਂ ਆਮ ਆਦਮੀ ਪਾਰਟੀ ਤੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਸੂਬੇ ਭਰ ਵਿਚ ਪ੍ਰੋਗਰਾਮ ਕੀਤੇ ਜਾ ਰਹੇ ਹਨ ਪਰ ਕਿਸੇ ਵੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਤੇ ਨਜਾਇਜ਼ ਫੀਸਾਂ ਤੇ ਹੋਰ ਮਾਮਲਿਆਂ 'ਤੇ ਰੋਸ ਪ੍ਰਦਰਸ਼ਨ ਕੀਤਾ ਤਾਂ ਅਕਾਲੀ ਆਗੂਆਂ 'ਤੇ ਕੇਸ ਦਰਜ ਕਰ ਦਿੱਤੇ ਗਏ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਕੇਸਾਂ ਤੋਂ ਪਹਿਲਾਂ ਡਰਿਆ ਹੈ ਤੇ ਨਾ ਹੁਣ ਡਰੇਗਾ । ਉਹਨਾਂ ਕਿਹਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਉਹਨਾਂ ਕਿਹਾ ਕਿ ਸੂਬੇ ਵਿਚ ਜਿਥੇ ਕਿਤੇ ਵੀ ਕਿਸੇ ਨੌਜਵਾਨ, ਵਿਦਿਆਰਥੀ, ਕਿਸਾਨ, ਗਰੀਬ, ਮਜ਼ਦੂਰ ਜਾਂ ਕਿਸੇ ਵੀ ਵਰਗ ਨਾਲ ਧੱਕੇਸ਼ਾਹੀ ਹੋਈ ਤਾਂ ਯੂਥ ਅਕਾਲੀ ਦਲ ਸਭ ਤੋਂ ਪਹਿਲਾਂ ਲੋੜਵੰਦਾਂ ਕੋਲ ਪਹੁੰਚੇਗਾ ਤੇ ਉਹਨਾਂ ਨਾਲ ਕਿਸੇ ਵੀ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰੇਗਾ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਕਰੋਨਾ ਨਿਯਮਾਂ ਦੀ ਆੜ ਵਿਚ ਵਿਰੋਧੀ ਧਿਰ ਅਤੇ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਤਾਂ ਉਹ ਭੁੱਲ ਜਾਵੇ।
ਸ੍ਰੀ ਰੋਮਾਣਾ ਨੇ ਕਿਹਾ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਪਸ਼ਟ ਹਦਾਇਤਾਂ ਹਨ ਕਿ ਕੋਰੋਨਾ ਮਾਮਲੇ ਵਿਚ ਕੇਂਦਰ ਤੇ ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਪਰ ਅਜਿਹਾ ਕਰਦਿਆਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਨਾਲ ਵੀ ਕੋਈ ਜ਼ੁਲਮ, ਧੱਕੇਸ਼ਾਹੀ ਜਾਂ ਬੇਇਨਸਾਫੀ ਨਾ ਹੋਵੇ।
ਸ੍ਰੀ ਰੋਮਾਣਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਸੂਬੇ ਵਿਚ ਵੱਖ ਵੱਖ ਰਾਜਸੀ ਪਾਰਟੀ ਦੇ ਮਾਮਲੇ ਵਿਚ ਦੋ ਕਾਨੂੰਨ ਕਿਉਂ ਹਨ ? ਤੇ ਉਹਨਾਂ ਨਾਲ ਹੀ ਸਰਕਾਰ ਨੂੰ ਸਲਾਹ ਦਿੱਤੀ ਕਿ ਅਜਿਹੀ ਧੱਕੇਸ਼ਾਹੀ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਧੱਕੇਸ਼ਾਹੀ ਨਾਲ ਉਹ ਲੋਕ ਮਸਲੇ ਉਠਾਉਣ ਦੇ ਯਤਨਾਂ ਨੂੰ ਕੁਚਲ ਨਹੀਂ ਸਕਦੀ।