ਅੰਮ੍ਰਿਤਸਰ, 17 ਜੂਨ : ਯੂਥ ਅਕਾਲੀ ਦਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦੇਣ ਲਈ 'ਨੌਜਵਾਨ ਕਿਸਾਨ ਪੰਜਾਬ ਦੀ ਸ਼ਾਨ' ਨਵਾਂ ਨਾਅਰਾ ਦਿੱਤਾ ਹੈ। ਇਸਦੀ ਸ਼ੁਰੂਆਤ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇਥੇ ਅਟਾਰੀ ਨੇੜਲੇ ਪਿੰਡ ਭਰੋਵਾਲ ਵਿਖੇ ਕੀਤੀ ਜਿਥੇ ਉਹ ਹੱਥੀਂ ਝੋਨਾ ਲਾਉਣ ਵਾਲ 42 ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਨ ਆਏ ਸਨ।
ਇਸ ਮੌਕੇ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਤੇ ਗੁਰਿੰਦਰਪਾਲ ਸਿੰਘ ਰਣੀਕੇ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਪਰਬੰਸ ਸਿੰਘ ਬੰਟੀ ਰੋਮਾਣਾ ਤੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਨੌਜਵਾਨਾਂ ਲਈ ਇਹ ਸਮਝਣਾ ਦਾ ਮੌਕਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ 'ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ' ਦਾ ਸੰਦੇਸ਼ ਦਿੱਤਾ ਹੈ। ਪੰਜਾਬ ਦੇ ਕਿਸਾਨ ਤੇ ਨੌਜਵਾਨ ਸਾਰੀ ਦੁਨੀਆਂ ਵਿਚ ਹਮੇਸ਼ਾ ਆਪਣੀ ਮਿਹਨਤ ਲਈ ਜਾਣੇ ਜਾਂਦੇ ਰਹੇ ਹਨ ਤੇ ਇਹ ਹੁਣ ਢੁਕਵਾਂ ਸਮਾਂ ਹੈ ਜਦੋਂ ਆਪਣੇ ਇਸ ਨਾਮ ਨੂੰ ਬੁਲੰਦ ਰੱਖਣ ਵਾਸਤੇ ਨੌਜਵਾਨ ਫਿਰ ਤੋਂ ਹੱਥੀਂ ਕਿਰਤ ਕਰਨ ਵਾਲੇ ਪਾਸੇ ਮੁੜਨ।
ਇਹਨਾਂ ਆਗੂਆਂ ਨੇ ਕਿਹਾ ਕਿ ਪਿੰਡ ਭਰੋਵਾਲ ਦੇ ਨੌਜਵਾਨ ਕਿਸਾਨਾਂ ਨੇ ਆਪ ਝੋਨਾ ਲਗਾ ਕੇ ਸਮੁੱਚੇ ਪੰਜਾਬ ਵਿਚ ਨੌਜਵਾਨਾਂ ਲਈ ਚੰਗਾ ਸੰਦੇਸ਼ ਦਿੱਤਾ ਹੈ ਕਿ ਲੇਬਰ 'ਤੇ ਨਿਰਭਰ ਰਹਿਣ ਦੀ ਥਾਂ ਆਪਣਾ ਕੰਮ ਆਪ ਕਰੋ ਅਨੁਸਾਰ ਵਿਚਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਸ਼ੁਰੂਆਤ ਦੇ ਮੱਦੇਨਜ਼ਰ ਹੀ ਯੂਥ ਅਕਾਲੀ ਦਲ ਨੇ 'ਨੌਜਵਾਨ ਕਿਸਾਨ ਪੰਜਾਬ ਦੀ ਸ਼ਾਨ' ਨਾਅਰਾ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਕਿਸਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾ ਸਕੇ।
ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਚਾਹਤ ਬਹੁਤ ਵੱਧ ਗਈ ਸੀ ਪਰ ਇਹ ਉਥੇ ਜਾ ਕੇ ਵੀ ਹੱਥੀਂ ਕੰਮ ਹੀ ਕਰਦੇ ਹਨ। ਜੇਕਰ ਵਿਦੇਸ਼ੀ ਧਰਤੀ 'ਤੇ ਜਾ ਕੇ ਹੱਥੀਂ ਕਿਰਤ ਕਰਨੀ ਹੈ ਤਾਂ ਫਿਰ ਆਪਣੀ ਧਰਤੀ 'ਤੇ ਆਪਣੇ ਖੇਤਾਂ ਵਾਸਤੇ ਕਿਉਂ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪਿੰਡ ਭਰੋਵਾਲ ਦੇ ਨੌਜਵਾਨ ਕਿਸਾਨਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਨਵਾਂ ਰਾਹ ਵਿਖਾਇਆ ਹੈ ਤੇ ਫਿਰ ਤੋਂ ਪੰਜਾਬੀਆਂ ਦੀ ਮਿਹਨਤ ਲਈ ਪ੍ਰਸਿੱਧੀ ਨੂੰ ਮੁੜ ਰਾਹ 'ਤੇ ਪਾਇਆ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜਤੀ ਨੂੰ ਨਸ਼ਿਆਂ ਵਾਲੇ ਪਾਸੇ ਮੁੜਨ ਦੀ ਥਾਂ ਹੱਥੀਂ ਕਿਰਨ ਕਰਨ ਤੇ ਮਿਹਨਤ ਕਰ ਕੇ ਆਪਣੀ ਜ਼ਿੰਦਗੀ ਬਣਾਉਣ ਵਾਲੇ ਪਾਸੇ ਧਿਆਨ ਲਾਉਣਾ ਚਾਹੀਦਾ ਹੈ।
ਸ੍ਰੀ ਬੰਟੀ ਰੋਮਾਣਾ ਤੇ ਸਰਬਜੋਤ ਸਾਬੀ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਖੇਤੀਬਾੜੀ ਸੰਦਾਂ 'ਤੇ ਨੌਜਵਾਨਾਂ ਦੇ ਕਲੱਬਾਂ ਤੇ ਸੁਸਾਇਟੀਆਂ ਨੂੰ 90 ਫੀਸਦੀ ਸਬਸਿਡੀ ਦੇਵੇ ਤਾਂ ਜੋ ਨੌਜਵਾਨਾਂ ਨੂੰ ਖੁਦ ਖੇਤੀਬਾੜੀ ਦੇ ਕੰਮ ਕਰਨ ਲਈ ਹੌਂਸਲਾ ਅਫਜ਼ਾਈ ਮਿਲ ਸਕੇ।
ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਥੀਆਂ ਨੇ ਨੌਜਵਾਨਾਂ ਨੂੰ ਝੋਨਾ ਲਾਉਣ ਵਾਲੀ ਡੀ ਐਸ ਆਰ ਮਸ਼ੀਨ ਵੀ ਭੇਂਟ ਕੀਤੀ।