ਬਠਿੰਡਾ/01 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਿਕਸਤ ਮੁਲਕਾਂ ਦੇ ਕਲੱਬ ਵਿਚ ਸ਼ਾਮਲ ਕਰਨ ਦਾ ਨਕਸ਼ਾ ਉਲੀਕ ਰੱਖਿਆ ਹੈ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਦੇਸ਼ ਦਾ ਇਸ ਕਲੱਬ ਅੰਦਰ ਦਾਖ਼ਲਾ ਯਕੀਨੀ ਬਣਾਉਣਗੀਆਂ। ਆਪਣੇ ਸੌੜੇ ਸਿਆਸੀ ਹਿੱਤਾਂ ਲਈ ਦੇਸ਼ ਦੀ ਤਰੱਕੀ ਨਾਲ ਖਿਲਵਾੜ ਕਰਨ ਵਾਸਤੇ ਤੁਲੀਆਂ ਨੂੰ ਵਿਰੋਧੀਆਂ ਪਾਰਟੀਆਂ ਦੀ ਟੋਲੀ ਨੂੰ ਖਦੇੜ ਕੇ ਦੇਸ਼ ਦੀ ਵਾਂਗਡੋਰ ਦੁਬਾਰਾ ਤੋਂ ਮੋਦੀ ਜੀ ਦੇ ਮਜ਼ਬੂਤ ਹੱਥਾਂ ਵਿਚ ਦਿਓ।
ਇੱਥੇ ਵੱਖ ਵੱਖ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਹਿਜ਼ ਸਾਂਸਦਾਂ ਦੀ ਚੋਣ ਲਈ ਨਹੀਂ ਹਨ, ਸਗੋਂ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਅੰਦਰ ਸ਼ੁਰੂ ਹੋਏ ਤਬਦੀਲੀ ਦੇ ਦੌਰ ਨੂੰ ਅੱਗੇ ਜਾਰੀ ਰੱਖਣ ਲਈ ਹਨ।
ਕਾਂਗਰਸੀ ਲੀਡਰਸ਼ਿਪ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਨਹਿਰੂ ਨੇ 19 ਸਾਲ ਰਾਜ ਕੀਤਾ, ਇੰਦਰਾ ਗਾਂਧੀ ਨੇ 15 ਸਾਲ ਹਕੂਮਤ ਕੀਤੀ ਅਤੇ ਡਾਕਟਰ ਮਨਮੋਹਨ ਸਿੰਘ ਨੇ 10 ਸਾਲ ਕਾਂਗਰਸ ਸਰਕਾਰ ਚਲਾਈ, ਪਰ ਇਹਨਾਂ ਆਗੂਆਂ ਨੇ ਆਮ ਆਦਮੀ ਦੀ ਹਾਲਤ ਸੁਧਾਰਨ ਲਈ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਮੋਦੀ ਦੇ ਪੰਜ ਸਾਲਾਂ ਦੀ ਹਕੂਮਤ ਦੌਰਾਨ ਮੁਲਕ ਨੇ ਅਥਾਹ ਤਰੱਕੀ ਕੀਤੀ ਹੈ ਅਤੇ ਇਹ ਤਰੱਕੀ ਆਉਣ ਵਾਲੇ ਸਾਲਾਂ ਵਿਚ ਵੀ ਜਾਰੀ ਰਹਿਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਵਧੀਆ ਭਵਿੱਖ ਲਈ ਹਰ ਵੋਟ ਕੀਮਤੀ ਹੈ , ਇਸ ਲਈ ਹਰ ਵੋਟ ਸਮਝਦਾਰੀ ਨਾਲ ਇਸਤੇਮਾਲ ਹੋਣਾ ਚਾਹੀਦਾ ਹੈ।
ਅਕਾਲੀ-ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਕਾਸਮਈ ਏਜੰਡੇ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਤਬਾਦਲੇ ਅਤੇ ਪੀਜੀਆਈ ਦੀ ਸਥਾਪਤੀ ਨੇ ਚੰਡੀਗੜ੍ਹ ਦਾ ਵਿਕਾਸ ਸ਼ੁਰੂ ਹੋਇਆ ਸੀ।ਹੁਣ ਹਰਸਿਮਰਤ ਨੇ ਇੱਕ ਕੇਂਦਰੀ ਯੂਨੀਵਰਸਿਟੀ ਅਤੇ ਏਮਜ਼ ਤੋਂ ਇਲਾਵਾ ਬਹੁਤ ਸਾਰੇ ਪ੍ਰਾਜੈਕਟ ਇਸ ਇਲਾਕੇ ਵਿਚ ਲਿਆਂਦੇ ਹਨ, ਜਿਹੜੇ ਨਾ ਸਿਰਫ ਇਸ ਖੇਤਰ ਦਾ ਹੁਲੀਆ ਬਦਲ ਦੇਣਗੇ, ਸਗੋਂ ਲੋਕਾਂ ਦੀਆਂ ਜ਼ਿੰਦਗੀ ਵਿਚ ਵੀ ਵੱਡੀ ਤਬਦੀਲੀ ਲਿਆਉਣਗੇ। ਆਉਣ ਵਾਲੇ ਦਿਨਾਂ ਵਿਚ ਇਹ ਇਲਾਕਾ ਨਿਰਮਾਣ ਕਾਰਜਾਂ ਦਾ ਗੜ੍ਹ ਬਣ ਜਾਵੇਗਾ।
ਬੀਬੀ ਹਰਸਿਮਰਤ ਬਾਦਲ ਲਈ ਲੋਕਾਂ ਦੇ ਸਮਰਥਨ ਦੀ ਮੰਗ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 23 ਮਈ ਤੋਂ ਬਾਅਦ ਨਵੀ ਸਰਕਾਰ ਲਈ ਉਹ ਸ਼ਕਤੀ ਦਾ ਥੰਮ ਹੋਣਗੇ। ਬੀਬੀ ਬਾਦਲ ਦੇ ਕਾਂਗਰਸੀ ਵਿਰੋਧੀ ਦੀ ਨਿਖੇਧੀ ਕਰਦਿਆਂ ਉਹਨਾਂ ਨੇ ਉਸ ਨੂੰ ਗੱਪੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਇੱਕੋਂ ਰਾਜਾ ਕਾਫੀ ਹੈ, ਸੂਬਾ ਦੂਜੇ ਰਾਜੇ ਨੂੰ ਨਹੀਂ ਝੱਲ ਸਕਦਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਉਸ ਨੇ ਹਰਸਿਮਰਤ ਬਾਦਲ ਵੱਲੋਂ ਲਿਆਂਦੇ ਪ੍ਰਾਜੈਕਟਾਂ ਦੇ ਰਾਹ ਵਿਚ ਅੜਿੱਕੇ ਪਾਏ ਹਨ। ਉਸ ਨੂੰ ਵਿਕਾਸ ਕਾਰਜਾਂ ਨੂੰ ਰੋਕ ਕੇ ਖੁਸ਼ੀ ਮਿਲਦੀ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਨੇ ਨਵੀਆਂ ਨੌਕਰੀਆਂ ਪੈਦਾ ਹੋਣ ਤੋਂ ਰੋਕਣ, ਨਵੀ ਭਰਤੀ ਬੰਦ ਰੱਖਣ, ਕਰਮਚਾਰੀਆਂ ਦੀ ਤਨਖਾਹਾਂ ਵਧਾਉਣ ਦੀ ਬਜਾਇ ਘਟਾਉਣ, ਡੀਏ ਅਤੇ ਦੂਜੇ ਬਕਾਏ ਰੋਕਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਇਸ ਅਖੌਤੀ ਅਰਥ ਸਾਸ਼ਤਰੀ ਦਾ ਇਹੋ ਵਿੱਤੀ ਮਾਡਲ ਹੈ।