ਮੁੱਖ ਮੰਤਰੀ ਆਪਣੀ ਅਸਫਲਤਾ ਸਵੀਕਾਰ ਕਰਨ ਤੇ ਬਿਨਾਂ ਦੇਰੀ ਦੇ ਅਸਤੀਫਾ ਦੇਣ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 19 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ’ਤੇ ਕਾਬੂ ਪਾਉਣ ਵਿਚ ਅਸਫਲ ਰਹੇ ਹਨ ਅਤੇ ਕਿਹਾਕਿ ਮੋਗਾ ਵਿਚ ਸੂਬਾ ਸਰਕਾਰ ਦੀ ਹਮਾਇਤ ਪ੍ਰਾਪਤ ਕਾਂਗਰਸੀ ਗੁੰਡਿਆਂ ਦੀ ਕੀਤੀ ਪੁਸ਼ਤ ਪਨਾਹੀ ਸਦਕਾ ਦੋ ਭੈਣਾ ਦਾ ਹੋਇਆ ਕਤਲ ਇਸਦਾ ਪ੍ਰਤੱਖ ਉਦਾਹਰਣ ਹੈ। ਪਾਰਟੀ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕ ਆਧਾਰ ’ਤੇ ਅਸਤੀਫਾ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੂਬੇ ਵਿਚ ਅਜਿਹੀ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਸੂਬਾ ਪੁਲਿਸ ਵੱਲੋਂ ਗੁੰਡਿਆਂ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਕਾਰਨ ਉਹਨਾਂ ਦੇ ਹੌਂਸਲੇ ਵੱਧ ਗਏ ਤੇ ਇਸ ਕਾਰਨ ਅਜਿਹੀਆਂ ਮੰਦਭਾਗੀ ਘਟਨਾਵਾਂ ਆਮ ਵਾਪਰ ਰਹੀਆਂ ਹਨ।
ਡਾ. ਚੀਮਾ ਨੇ ਕਿਹਾ ਕਿ ਗੈਂਗਸਟਰਾਂ ਨੁੰ ਦਿੱਤਾ ਜਾ ਰਿਹਾ ਵੀ ਆਈ ਪੀ ਟ੍ਰੀਟਮੈਂਟ ਵੀ ਲੁੱਟਾਂ ਖੋਹਾਂ, ਅਗਵਾਕਾਰੀਆਂ, ਫਿਰੌਤੀਆਂ ਤੇ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਗੈਂਗਸਟਰ ਜੇਲ੍ਹਾਂ ਵਿਚੋਂ ਹਰ ਕਿਸਮ ਦੇ ਧੰਦੇ ਚਲਾ ਰਹੇ ਹਨ ਤੇ ਇਹਨਾਂ ਨੁੰ ਨਕੇਲ ਪਾਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਦੇ ਖਿਲਾਫ ਅਜਿਹੇ ਦੋਸ਼ ਲਗਾ ਰਿਹਾ ਹੈ ਬਲਕਿ ਉੱਤਰ ਪ੍ਰਦੇਸ਼ ਸਰਕਾਰ ਨੇ ਖੁਦ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਪੰਜਾ ਬਦੀਆਂ ਜੇਲ੍ਹਾਂ ਵਿਚਬੰਦ ਮੁਖਤਾਰ ਅੰਸਾਰੀ ਵਰਗੇ ਗੈਂਗਸਟਰਾਂ ਨੁੰ ਸਰਕਾਰੀ ਮਹਿਮਾਨਨਵਾਜ਼ੀ ਦੇ ਰਹੀ ਹੈ ।
ਡਾ. ਚੀਮਾ ਨੇ ਮੁੱਖ ਮੰਤਰੀ ਨੂ ਕਿਹਾ ਕਿ ਉਹ ਬਜਾਏ ਖੁਦ ਆਪਣੇ ਆਪ ਨੁੰ ਵਧਾਈਆਂ ਦੇਣ ਵਾਲੇ ਇਸ਼ਤਿਹਾਰਾਂ ’ਤੇ ਧਿਆਨ ਕੇਂਦਰਤ ਕਰਨ ਦੀ ਥਾਂ ’ਤੇ ਅਮਨ ਕਾਨੂੰਨ ਵਿਵਸਥਾ ’ਤੇ ਧਿਆਨ ਦੇਣ ਕਿਉਂਕਿ ਸੂਬੇ ਵਿਚ ਇਸਦਾ ਅਜਿਹਾ ਹਾਲ ਬਣ ਗਿਆ ਹੈ ਕਿ ਹੋਰਨਾਂ ਸੂਬਿਆਂ ਦੇ ਅਪਰਾਧੀ ਹੁਣ ਪੰਜਾਬ ਨੂੰ ਆਪਣੇ ਆਪ ਲਈ ਛੁਪਣਗਾਹ ਮੰਨਣ ਲੱਗ ਪਏ ਹਨ। ਉਹਨਾਂ ਕਿਹਾ ਕਿ ਪਹਿਲਾਂ ਸੂਬੇ ਦਾ ਇਹ ਅਕਸਰ ਸੀ ਕਿ ਇਹ ਅਪਰਾਧੀਆਂ ਖਿਲਾਫ ਸਖ਼ਤ ਹੈ ਜਦਕਿ ਹੁਣ ਇਹ ਰੇਤ ਤੇ ਸ਼ਰਾਬ ਮਾਫੀਆ ਨੂੰ ਸਰਪ੍ਰਸਤੀ ਦੇਣ ਲਈਜਾਣਿਆ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਸੁਬੇ ਦੇ ਡੀ ਜੀ ਪੀ ਨੂੰ ਹਦਾਇਤਾਂ ਦੇਣ ਕਿ ਅਪਰਾਧ ਦੇ ਖਿਲਾਫ ਬਿਲਕੁਲ ਬਰਦਾਸ਼ਤ ਨਹੀਂ ਦੀ ਨੀਤੀ ਅਪਣਾਈ ਜਾਵੇ ਅਤੇ ਉਹਨਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੋ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ।