ਅੰਮ੍ਰਿਤਸਰ, 31 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਛਲ ਨਕਲੀ ਸ਼ਰਾਬ ਦੁਖਾਂਤ ਲਈ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਸਰਪ੍ਰਸਤੀ ਦੇਣ ਵਾਲੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਜੰਗਲਾਤ ਨਿਗਮ ਦੇ ਚੇਅਰਮੈਨ ਸਾਧੂ ਸਿੰਘ ਸੰਧੂ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਵਿਰਸਾ ਸਿੰਘ ਵਲਟੋਹਾ, ਮਲਕੀਤ ਸਿੰਘ ਏ ਆਰ, ਤਲੀਰ ਸਿੰਘ ਗਿੱਲ, ਗਰਪ੍ਰਤਾਪ ਸਿੰਘ ਟਿੱਕਾ ਤੇ ਸੁਖਰਾਜ ਮੁੱਛਲ ਨੇ ਇਲਾਕੇ ਦੇ ਐਸ ਐਚ ਓ ਤੇ ਡੀ ਐਸ ਪੀ ਨੂੰ ਵੀ ਬਰਖਾਸਤ ਕਰਨ ਦੀ ਮੰਗ ਕੀਤੀ ਜੋ ਕਿ ਇਸ ਨਕਲੀ ਸ਼ਰਾਬ ਦੀ ਵਿਕਰੀ ਤੋਂ ਜਾਣੂ ਸਨ ਪਰ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਇਹ ਵੀ ਕਿਹਾ ਕਿ ਡੀ ਐਸ ਪੀ ਮਨਜੀਤ ਸਿੰਘ ਦੇ ਖਿਲਾਫ ਇਸ ਲਈ ਕੇਸ ਵੀ ਦਰਜ ਕੀਤਾ ਜਾਵੇ ਕਿ ਉਹਨਾਂ ਨੇ ਚਾਰ ਪੀੜਤਾਂ ਦਾ ਪੋਸਟਮ ਮਾਰਟਮ ਨਈਂ ਹੋਣ ਦਿੱਤਾ ਤੇ ਪੀੜਤ ਪਰਿਵਾਰਾਂ 'ਤ ਇਹ ਬਿਆਨ ਦੇਣ ਲਈ ਦਬਾਅ ਪਾਇਆ ਕਿ ਉਹਨਾਂ ਦ ਪਰਿਵਾਰਕ ਮੈਂਬਰ ਨਕਲੀ ਸ਼ਰਾਬ ਪੀਣ ਕਾਰਨ ਨਹੀਂ ਬਲਕਿ ਹੋਰ ਕਾਰਨਾਂ ਕਰ ਕੇ ਮਰੇ ਹਨ।
ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਕਿਹਾ ਕਿ ਨਕਲੀ ਸ਼ਰਾਬ ਦੀ ਵਿਆਪਕ ਵਿਕਰੀ ਦੀ ਜ਼ਿੰਮਵਾਰੀ ਤੈਅ ਕਰਨ ਵਾਸਤੇ ਉਚ ਪੱਧਰ ਦੀ ਨਿਰਪੱਖ ਜਾਂਚ ਦੀ ਵੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਪੁਲਿਸ ਵਿਚਾਲੇ ਗੰਢਤੁਪ ਬੇਨਕਾਬ ਕਰਨ ਲਈ ਜਾਂਚ ਵੀ ਜਰੂਰਤ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਗੰਢਤੁਪ ਕਾਰਨ ਕਿਵੇਂ ਨਜਾਇਜ਼ ਸ਼ਰਾਬ ਦੀ ਵਿਕਰੀ ਬੇਰੋਕਟੋਕ ਜਾਰੀ ਸੀ। ਡਵੀਜ਼ਨਲ ਕਮਿਸ਼ਨਰ ਪੱਧਰ ਦੀ ਜਾਂਚ ਨੂੰ ਰੱਦ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਦੇਰੀ ਨਾਲ ਚੁੱਕਿਆ ਗਿਆ ਛੋਟਾ ਕਦਮ ਹੈ ਜਿਸ ਨਾਲ ਮਕਸਦ ਪੂਰਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਮਿਸ਼ਨਰ ਕਾਂਗਰਸੀ ਆਗੂਆਂ ਤੇ ਵਿਧਾਇਕਾਂ, ਜੋ ਸੰਗਠਨ ਗੈਂਗਾਂ ਨਾਲ ਰਲ ਕੇ ਇਹ ਘੁਟਾਲਾ ਕਰ ਰਹੇ ਹਨ, ਦੇ ਖਿਲਾਫ ਜਾਂਚ ਜਾਂ ਕਾਰਵਾਈ ਨਹੀਂ ਕਰ ਸਕਣਗੇ।
ਅਕਾਲੀ ਆਗੂਆਂ ਨੇ ਕਿਹਾ ਕਿ ਸੂਬੇ ਨੇ ਪਹਿਲਾਂ ਹੀ 5600 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਗੁਆ ਲਿਆ ਹੈ ਪਰ ਸਰਕਾਰ ਨੇ ਡਿਸਟੀਲਰੀਆਂ ਤੋਂ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਨਹੀਂ ਰੋਕੀ ਤੇ ਨਾ ਹੀ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਨਜਾਇਜ਼ ਡਿਸਟੀਲਰੀਆਂ ਅਤੇ ਬੋਟਲਿੰਗ ਪਲਾਂਟਾਂ ਦੇ ਵੱਧਣ ਫੁੱਲਣ 'ਤੇ ਕੋਈ ਰੋਕ ਲਗਾਈ ਹੈ ਤੇ ਸਰਕਾਰ ਨੇ ਅੰਤਰ ਰਾਜੀ ਸ਼ਰਾਬ ਦੀ ਸਮਗਲਿੰਗ ਪ੍ਰਤੀ ਵੀ ਅੱਖਾਂ ਮੀਚ ਲਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਮਲਕੀਅਤ ਵਾਲੀ ਖੰਡ ਮਿੱਲ ਵਿਚੋਂ ਨਜਾਇਜ਼ ਸ਼ਰਾਬ ਦਾ ਭਰਿਆ ਟਰੱਕ ਫੜਿਆ ਗਿਆ ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗÂਂ। ਇਸੇ ਤਰੀਕੇ ਸਰਕਾਰ ਰਾਜਪੁਰਾ ਵਿਚ ਨਜਾਇਜ਼ ਸ਼ਰਾਬ ਡਿਸਟੀਲਰੀ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰਟ ਨੂੰ ਕੋਈ ਵੇਰਵੇ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਖੰਨਾ ਤੇ ਰਾਜਪੁਰਾ ਵਿਚ ਨਜਾਇਜ਼ ਸ਼ਰਾਬ ਬੋਟਲਿੰਗ ਪਲਾਂਟ ਫੜੇ ਜਾਣ ਦੇ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਸੇ ਤਰੀਕੇ ਰੋਪੜ ਵਿਚ ਲਾਕ ਡਾਊਨ ਦੌਰਾਨ ਸ਼ਰਾਬ ਦੀ ਵਿਕਰੀ ਦੇ ਮਾਮਲੇ ਵਿਚ ਕੁਝ ਨਹੀਂ ਕੀਤਾ ਗਿਆ।
ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਸ਼ਰਾਬ ਮਾਫੀਆ ਨਾਲ ਰਲੇ ਹੋਏ ਕਾਂਗਰਸੀ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜਦੋਂ ਤੱਕ ਮੁੱਛਲ ਵਿਚ ਨਕਲੀ ਸ਼ਰਾਬ ਦੇ ਦੁਖਾਂਤ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲਦਾ ਤੇ ਕਾਂਗਰਸੀ ਆਗੂਆਂ ਸਮੇਤ ਇਸ ਦੁੱਖਾਂਤ ਲਈ ਜ਼ਿੰਮੇਵਾਰ ਅਨੁਸਰਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਕਾਲੀ ਦਲ ਟਿਕ ਕੇ ਨਹੀਂ ਬੈਠੇਗਾ।