ਪਰਮਬੰਸ ਸਿੰਘ ਰੋਮਾਣਾ ਨੇ ਭਰੋਸਾ ਦੁਆਇਆ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਕੇਸਾਂ ਦੀ ਸੁਪਰੀਮ ਕੋਰਟ ਕੋਲੋਂ ਜਾਂਚ ਕਰਵਾਏਗਾ
ਜ਼ੋਰ ਦੇ ਕੇ ਕਿਹਾ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ਮੁਤਾਬਕ ਚੱਲ ਰਹੇ ਸਨ
ਅੰਮ੍ਰਿਤਸਰ, 17 ਅਪ੍ਰੈਨ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਆਖਿਆ ਕਿ ਜੇਕਰ ਉਹ ਸਚਮੁੱਚ ਹੀ ਬੇਅਦਬੀ ਕੇਸਾਂ ਦੇ ਦੋਸ਼ੀਆਂ ਨੁੰ ਫੜਨ ਪ੍ਰਤੀ ਗੰਭੀਰ ਹਨ ਤਾਂ ਇਹਨਾਂ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਕੋਲੋਂ ਕਰਵਾਉਣ ਲਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਪਹੁੰਚ ਕਰਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੁੰ ਚੀਫ ਜਸਟਿਸ ਨੁੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਇਕ ਐਸ ਆਈ ਟੀ ਦਾ ਗਠਨ ਕਰਨ ਜੋ ਉਹਨਾਂ ਦੀ ਨਿਗਰਾਨੀ ਹੇਠ ਬੇਅਦਬੀ ਦੇ ਨਾਲ ਨਾਲ ਪੁਲਿਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਕਰੇ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਇਸ ਤੋਂ ਸਾਬਤ ਹੋ ਜਾਵੇਗਾ ਕਿ ਉਹ ਸਿਰਫ ਇਹਨਾਂ ਕੇਸਾਂ ਦੀ ਸਿਆਸਤ ਤੋਂ ਪ੍ਰੇਰਿਤ ਜਾਂਚ ਕਰਵਾਉਣ ਵਿਚ ਦਿਲਚਸਪੀ ਰੱਖਦੇ ਹਨ ਅਤੇ ਉਹਨਾਂ ਦਾ ਸਿੱਖ ਸੰਗਤ ਨੂੰ ਨਿਆਂ ਦੁਆਉਣ ਦਾ ਕੋਈ ਇਰਾਦਾ ਨਹੀਂ ਹੈ।
ਸ੍ਰੀ ਰੋਮਾਣਾ ਨੇ ਲੋਕਾਂ ਨੁੰ ਭਰੋਸਾ ਦੁਆਇਆ ਕਿ 2022 ਦੀਆਂ ਚੋਣਾਂ ਵਿਚ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਬਣ ਜਾਣ ਮਗਰੋਂ ਅਕਾਲੀ ਦਲ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਏਗਾ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਕਾਂਗਰਸ ਪਾਰਟੀ ਅਤੇ ਇਸ ਨਾਲ ਜੁੜੀਆਂ ਕੁਝ ਅਖੌਤੀ ਜਥੇਬੰਦੀਆਂ ਦੀ ਮੰਗ ’ਤੇ ਇਹਨਾਂ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਸੀ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਨਾ ਸਿਰਫ ਇਨਸਾਫ ਮਿਲੇ ਬਲਕਿ ਇਹ ਮਿਲਦਾ ਦਿਸੇ ਵੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਆਈ ਤਾਂ ਇਸ ਨੇ ਨਾ ਸਿਰਫ ਕੇਸ ਸੀ ਬੀ ਆਈ ਤੋਂ ਵਾਪਸ ਲੈ ਲਏ ਬਲਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਹੀਂ ਸਾਰੇ ਮਾਮਲੇ ਦਾ ਸਿਆਸੀਕਰਨ ਕਰ ਦਿੱਤਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਹਾਈ ਕੋਰਟ ਵੱਲੋਂ ਕੋਟਕਪੁਰਾ ਫਾਇਰਿੰਗ ਕੇਸ ਦੀ ਐਫ ਆਰ ਆਈ ਰੱਦ ਕਰਨ ਤੇ ਐਸ ਆਈ ਟੀ ਭੰਗ ਕਰਨ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਤੋਂ ਲਾਂਭੇ ਕਰਨ ਦੀਆਂ ਹਦਾਇਤਾਂ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਇਸ ਅਫਸਰ ਦੀ ਪਿੱਠ ਥਾਪੜ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਤੱਕ ਇਸ ਅਫਸਰ ਦਾ ਸਵਾਲ ਹੈ ਤਾਂ ਇਹ ਸਪਸ਼ਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਲੰਬੇ ਸਮੇਂ ਤੋਂ ਕਾਂਗਰਸ ਦੇ ਸਿਆਸੀ ਏਜੰਡੇ ਮੁਤਾਬਕ ਚਲ ਰਹੇ ਸਨ। ਉਹਨਾਂ ਕਿਹਾ ਕਿ ਉਹ ਇਸ ਏਜੰਡੇ ਨੁੰ ਧਿਆਨ ਵਿਚ ਰੱਖ ਕੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਤੇ ਹਾਲੇ ਵੀ ਇਸ ਮੁਤਾਬਕ ਹੀ ਚਲ ਰਹੇ ਹਨ।
ਸ੍ਰੀ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਹ ਝੂਠੀ ਜਾਂਚ ਕਰਵਾਈ ਗਈ। ਉਹਨਾਂ ਕਿਹਾ ਕਿ ਕੋਟਕਪੁਰਾ ਫਾਇਰਿੰਗ ਕੇਸ ਵਿਚ ਹਾਈ ਕੋਰਟ ਵੱਲੋਂ ਕੀਤੀਆਂ ਟਿੱਪਣੀਆਂ ਨੇ ਵੀਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੀ ਆਪਣੇ ਮੁਤਾਬਕ ਸਾਰੀ ਜਾਂਚ ਕਰਵਾ ਰਹੀ ਸੀ। ਉਹਨਾਂ ਕਿਹਾ ਕਿ ਇਹ ਗੱਲ ਇਥੋਂ ਵੀ ਸਪਸ਼ਟ ਹੁੰਦੀ ਹੈ ਕਿ ਕੇਸ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 150 ਜਿਮਨੀਆਂ ਤਿਆਰ ਕੀਤੀਆਂ ਪਰ ਉਹਨਾਂ ਦੇ ਨਾਲ ਦੇ ਅਫਸਰਾਂ ਨੇ ਸਿਰਫ 27 ’ਤੇ ਹੀ ਹਸਤਾਖ਼ਰ ਕੀਤੇ। ਉਹਨਾਂ ਕਿਹਾ ਕਿ ਜਿਸ ਤਰੀਕੇ ਐਸ ਆਈ ਟੀ ਦੇ ਮੁਖੀ ਤੇ ਹੋਰ ਮੈਂਬਰਾਂ ਨੇ ਆਪਣੇ ਆਪ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਵੱਖ ਕਰ ਲਿਆ, ਉਸ ਤੋਂ ਸਾਬਤ ਹੋ ਗਿਆ ਸੀ ਕਿ ਕੁੰਵਰ ਵਿੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਦੀ ਸਿਆਸਤ ਵਿਚ ਇਕ ਜ਼ਰੀਏ ਵਜੋਂ ਵਰਤਿਆ ਜਾ ਰਿਹਾ ਹੈ।
ਸ੍ਰੀ ਰੋਮਾਣਾ ਨੇ ਇਹ ਵੀ ਦੱਸਿਆ ਕਿ ਯੂਥ ਅਕਾਲੀ ਦਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪੁਰਬ ਮਨਾਉਣ ਲਈ ਇਥੇ ਮੀਟਿੰਗ ਵਿਚ ਸਲਾਹ ਮਸ਼ਵਰਾ ਕੀਤਾ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਹਾਲ ਹੀ ਵਿਚ ਝੱਖੜ ਤੇ ਮੀਂਹ ਕਾਰਨ ਹੋਏ ਨੁਕਸਾਨ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੀ ਮਦਦ ਕਰੇਗਾ ਅਤੇ ਉਹਨਾਂ ਨੁੰ ਟੈਂਟ ਤੇ ਤਰਪਾਲਾਂ ਪ੍ਰਦਾਨ ਕਰੇਗਾ।
ਇਸ ਮੌਕੇ ਉਹਨਾਂ ਦੇ ਨਾਲ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਬੋਹਾਰਾ ਵੀ ਸਨ।