ਕਿਹਾ ਕਿ ਕੈਪਟਨ ਨੇ ਸਰਬਉੱਚ ਸਿੱਖ ਸੰਸਥਾ ਦਾ ਨਿਰਾਦਰ ਕਰਨ ਦੀ ਕਾਂਗਰਸੀ ਯੋਜਨਾ ਨੂੰ ਅਮਲੀ ਰੂਪ ਦਿੱਤਾ
ਕਿਹਾ ਕਿ ਅਖੌਤੀ ਸਰਬਪਾਰਟੀ ਮੀਟਿੰਗ ਵਿਚ ਕਾਂਗਰਸ ਦੀ ਬੀ ਟੀਮ 'ਆਪ' ਅਤੇ ਅਜਿਹੀਆਂ ਤਾਕਤਾਂ ਸਨ, ਜਿਹਨਾਂ ਦਾ ਸਿੱਖ ਧਰਮ ਵਿਚ ਕੋਈ ਵਿਸ਼ਵਾਸ਼ ਨਹੀਂ ਹੈ ਜਾਂ ਕੁੱਝ ਅਜਿਹੇ ਧੜੇ ਸਨ, ਜਿਹਨਾਂ ਨੂੰ ਲੋਕਾਂ ਦੀ ਕੋਈ ਹਮਾਇਤ ਹਾਸਿਲ ਨਹੀਂ ਹੈ
ਚੰਡੀਗੜ੍ਹ/01 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੀ ਨੁੰਮਾਇਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸਾਂਝੇ ਸਮਾਗਮਾਂ ਵਿਚ ਭਾਗ ਲੈਣ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਠੁਕਰਾ ਕੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ ਅਤੇ ਉਹ ਸ਼ਰੇਆਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਲੱਗਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੱਚਾਈ ਸਿੱਖ ਸੰਗਤ ਦੇ ਸਾਹਮਣੇ ਹੈ। ਦੋ ਮਹੀਨੇ ਤੋਂ ਲੁਕਣਮੀਚੀ ਦੀ ਖੇਡ ਖੇਡਣ ਅਤੇ ਇਹ ਦਾਅਵਾ ਕਰਨ ਮਗਰੋਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਚੱਲੇਗਾ, ਮੁੱਖ ਮੰਤਰੀ ਨੇ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਦਾ ਨਿਰਾਦਰ ਕਰਨ ਦੀ ਕਾਂਗਰਸੀ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਾਂਗਰਸ ਦੀ ਬੀ ਟੀਮ 'ਆਮ ਆਦਮੀ ਪਾਰਟੀ' ਅਤੇ ਸਿੱਖ ਧਰਮ ਵਿਚ ਵਿਸ਼ਵਾਸ਼ ਨਾ ਰੱਖਣ ਵਾਲੀਆਂ ਤਾਕਤਾਂ ਜਾਂ ਸੂਬੇ ਦੇ ਲੋਕਾਂ ਅੰਦਰ ਕੋਈ ਆਧਾਰ ਨਾ ਰੱਖਣ ਵਾਲੇ ਕੁੱਝ ਧੜਿਆਂ ਦੀ ਅਖੌਤੀ ਸਰਬਪਾਰਟੀ ਮੀਟਿੰਗ ਸੱਦ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਇੱਕ ਸਾਂਝਾਂ ਫਰੰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਦੀ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਲਈ ਹੱਥ ਮਿਲਾ ਲਏ ਹਨ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਹੀ ਕ੍ਰਮਵਾਰ ਸਿੱਖਾਂ ਦੀ ਸਰਬਉੱਚ ਸੰਸਥਾ ਅਤੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਨੁੰਮਾਇਦਾ ਸੰਸਥਾ ਹਨ। ਉਹਨਾਂ ਕਿਹਾ ਕਿ ਤਖ਼ਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਜਥੇਦਾਰਾਂ ਨੇ ਸਾਂਝਾ ਫੈਸਲਾ ਲੈਣ ਮਗਰੋਂ ਨਿਰਦੇਸ਼ ਦਿੱਤਾ ਸੀ ਕਿ 550ਵੇਂ ਪਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਲਈ ਸਿਰਫ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਕੀਤੇ ਜਾਣਗੇ। ਉਹਨਾਂ ਪੰਜਾਬ ਸਰਕਾਰ ਸਮੇਤ ਸਾਰਿਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਉਹ ਐਸਜੀਪੀਸੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਮੁੱਖ ਸਮਾਗਮ ਵਿਚ ਭਾਗ ਲੈਣ ਅਤੇ ਕਿਹਾ ਸੀ ਕਿ ਸਿਰਫ ਐਸਜੀਪੀਸੀ ਦੀ ਸਟੇਜ ਹੀ ਗੁਰੂ ਪੰਥ ਦੀ ਮਾਨਤਾ ਵਾਲੀ ਸਟੇਜ ਹੋਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਅਤੇ ਇਸ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੁਣਗਾਨ ਕਰਨ ਲਈ ਇੱਕ ਦਿਨ ਪਹਿਲਾਂ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਖਰਚਣ ਵਾਲੇ ਮੁੱਖ ਮੰਤਰੀ ਕੋਲੋਂ ਇਹੋ ਉਮੀਦ ਕੀਤੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਅੱਜ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਕੇ ਕੈਪਟਨ ਅਮਰਿੰਦਰ ਨੇ ਨਾ ਸਿਰਫ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ,ਸਗੋਂ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੀ ਸਰਬਉੱਚ ਸੰਸਥਾ ਦੀ ਅਥਾਰਟੀ ਉੱਤੇ ਸੁਆਲ ਉਠਾ ਕੇ ਇੰਦਰਾ ਗਾਂਧੀ ਦੀਆਂ ਨੀਤੀਆਂ ਨੂੰ ਦੁਹਰਾਉਣ ਉੱਤੇ ਤੁਲਿਆ ਹੋਇਆ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉੁਣ ਵਾਲੇ ਮੁੱਖ ਮੰਤਰੀ ਕੋਲੋਂ ਅਜਿਹੇ ਵਿਵਹਾਰ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ।

ਸਰਦਾਰ ਬਾਦਲ ਨੇ ਕਿਹਾ ਕਿ ਐਸਜੀਪੀਸੀ ਸਿੱਖ ਪੰਥ ਦੀ ਨੁੰਮਾਇਦਾ ਸੰਸਥਾ ਹੈ ਅਤੇ ਰਵਾਇਤ ਅਨੁਸਾਰ ਸਿਰਫ ਇਸ ਸੰਸਥਾ ਨੂੰ ਹੀ ਪਰਕਾਸ਼ ਪੁਰਬ ਸਮਾਗਮਾਂ ਦਾ ਮੁੱਖ ਸਮਾਗਮ ਆਯੋਜਿਤ ਕਰਨ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀਆਂ ਸਾਰੀਆਂ ਪਾਰਟੀਆਂ ਐਸਜੀਪੀਸੀ ਚੋਣਾਂ ਲੜਦੀਆਂ ਹਨ ਅਤੇ ਇਸ ਦੀ ਅਗਵਾਈ ਉਹ ਪਾਰਟੀ ਕਰਦੀ ਹੈ, ਜਿਸ ਨੂੰ ਸਿੱਖਾਂ ਦਾ ਫਤਵਾ ਹਾਸਲ ਹੁੰਦਾ ਹੈ।ਉਹਨਾਂ ਕਿਹਾ ਕਿ ਸਿੱਖਾਂ ਵੱਲੋ ਦੁਨੀਆਂ ਭਰ ਵਿਚ ਸਿੱਖ ਮਾਮਲਿਆਂ 'ਚ ਐਸਜੀਪੀਸੀ ਦੀ ਸਰਬਉੱਚਤਾ ਸਵੀਕਾਰ ਕੀਤੀ ਜਾਂਦੀ ਹੈ। ਉੁਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਪਰਕਾਸ਼ ਪੁਰਬ ਸਮਾਗਮ ਕਰਵਾਉਣ ਸੰਬੰਧੀ ਐਸਜੀਪੀਸੀ ਦੀ ਅਥਾਰਟੀ ਉੱਤੇ ਸੁਆਲ ਉਠਾਉਣ ਦੀਆਂ ਕੋਸ਼ਿਸ਼ਾਂ ਦਾ ਸਿੱਖ ਭਾਈਚਾਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਸਿੱਖ ਪੰਥ ਇਸ ਮੁੱਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਿਕ ਹੀ ਚੱਲੇਗਾ।