ਪੀੜਤ ਪਰਿਵਾਰਾਂ ਨੇ ਪੁਲਿਸ ਦੇ ਭਾਰੀ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਦੇ 'ਸੰਮਨ' ਲੈਣ ਤੋਂ ਕੀਤੀ ਨਾਂਹ
ਅਕਾਲੀ ਆਗੂਆਂ ਤੇ ਪੀੜਤ ਪਰਿਵਾਰਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ
ਤਰਨ ਤਾਰਨ, 7 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਇਸ ਸ਼ਹਿਰ ਦਾ ਦੌਰਾ ਸਿਰਫ 15 ਮਿੰਟ ਵਿਚ ਹੀ ਸਮੇਟਣਾ ਪਿਆ ਤੇ ਉਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਦੇ ਰੋਹ ਨੂੰ ਵੇਖਦਿਆਂ ਪੁਲਿਸ ਲਾਈਨ ਵਿਚੋਂ ਬਾਹਰ ਨਹੀਂ ਨਿਕਲੇ ਜਦਕਿ ਪੀੜਤ ਪਰਿਵਾਰਾਂ ਨੇ ਪੁਲਿਸ ਅਤੇ ਜ਼ਿਲ•ਾ ਪ੍ਰਸ਼ਾਸਨ ਦੇ ਭਾਰੀ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਦੇ 'ਸੰਮਨ' ਲੈਣ ਤੋਂ ਨਾਂਹ ਕਰ ਦਿੱਤੀ।
ਇਥੇ ਅਕਾਲੀ ਦਲ ਨੇ ਅੱਜ ਇਥੇ ਜ਼ਹਿਰੀਲੀ ਸ਼ਰਾਬ ਪੀੜਤਾਂ ਦੇ ਪਰਿਵਾਰਾਂ ਨਾਲ ਰਲ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪਰਿਵਾਰਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਪੁਲਿਸ ਲਾਈਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸਨੂੰ ਭਾਰੀ ਪੁਲਿਸ ਫੋਰਸ ਨੇ ਰੋਕ ਦਿੱਤਾ। ਇਸ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਦੋਂ ਲੱਗਾ ਕਿ ਪੁਲਿਸ ਲਾਈਨ ਦੇ ਬਾਹਰ ਪੀੜਤ ਪਰਿਵਾਰਾਂ ਨੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਮੁੱਖ ਮੰਤਰੀ ਆਪਣੇ ਹੈਲੀਕਾਪਟਰ ਤੋਂ ਹੇਠਾਂ ਉਤਰਣ ਦੇ 15 ਮਿੰਟ ਮਗਰੋਂ ਹੀ ਵਾਪਸ ਪਰਤ ਗਏ ।
ਸ੍ਰੀ ਵਲਟੋਹਾ, ਜਿਹਨਾਂ ਦੇ ਨਾਲ ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ ਅਤੇ ਅਲਵਿੰਦਰ ਸਿੰਘ ਪੱਖੋਕੇ ਵੀ ਸਨ, ਨੇ ਕਿਹਾ ਕਿ ਲੋਕਾਂ ਦੇ ਰੋਹ ਕਾਰਨ ਮੁੱਖ ਮੰਤਰੀ ਨੂੰ ਤਰਨ ਤਾਰਨ ਆਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਜਦੋਂ ਉਹ ਇਥੇ ਆਏ ਤਾਂ ਪੀੜਤਾਂ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਉਹਨਾਂ ਚੰਡੀਗੜ• ਵਿਚ ਆਪਣੇ ਫਾਰਮ ਹਾਊਸ 'ਤੇ ਪਰਤਣ ਵਿਚ ਹੀ ਭਲਾਈ ਸਮਝੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰਾਂ ਨੂੰ ਜਬਰੀ ਰਾਜੇ ਦੇ ਦਰਬਾਰ ਵਿਚ ਲਿਆਉਣ ਦੇ ਯਤਨ ਫੇਲ• ਹੋ ਗਏ ਤੇ ਬਹੁਤੇ ਪੀੜਤ ਪਰਿਵਾਰ ਉਹਨਾਂ ਦੇ ਪ੍ਰੋਗਰਾਮ ਤੋਂ ਦੂਰ ਰਹੇ। ਉਹਨਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਨੇ ਸਿਰਫ ਦੋ ਮਿੰਟ ਦਾ ਭਾਸ਼ਣ ਦਿੱਤਾ ਤੇ ਆਪਣਾ ਦੌਰਾ ਖਤਮ ਕਰ ਦਿੱਤਾ।
ਅਕਾਲੀ ਆਗੂ ਨੇ ਕਿਹਾ ਕਿ ਇਲਾਕੇ ਦੇ ਅਕਾਲੀ ਵਰਕਰਾਂ ਨੇ ਨਾਲ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਅਸਲ ਮੁਜਰਮ ਕੌਣ ਹਨ। ਪੀੜਤ ਕਮਲਦੀਪ ਕੌਰ ਜਿਸਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਆਪਣੇ ਪੀ ਏ ਜਰਮਨਜੀਤ ਸਿੰਘ ਰਾਹੀਂ ਜ਼ਹਿਰੀਲੀ ਸ਼ਰਾਬ ਵੰਡਣ ਦਾ ਦੋਸ਼ ਠਹਿਰਾਇਆ ਹੈ, ਮੁੱਖ ਮੰਤਰੀ ਨੂੰ ਸ਼ਰਾਬ ਦੇ ਧੰਦੇ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਬਾਰੇ ਦੱਸਣਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਵੇਂ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਡੈਨੀ ਨੇ ਸ਼ਰਾਬ ਦੀ ਛਾਪੇਮਾਰੀ ਲਈ ਦੋਸ਼ੀਆਂ ਦੀ ਥਾਂ ਆਬਕਾਰੀ ਪਾਰਟੀ 'ਤੇ ਕੇਸ ਦਰਜ ਕਰਵਾ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਹ ਵੀ ਦੱਸਣਾ ਚਾਹੁੰਦੇ ਸੀ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਗੈਰ ਕਾਨੂੰਨੀ ਡਿਸਟੀਲਰੀ ਚਲਾ ਰਹੇ ਹਨ ਤੇ ਇਹ ਵੀ ਦੱਸਣਾ ਚਾਹੁੰਦੇ ਸੀ ਕਿ ਕਿਵੇਂ ਤਰਨ ਤਾਰਨ ਦੇ ਵਿਧਾਇਕ ਧਰਮਬੀਰ ਗਾਂਧੀ ਦਾ ਪੁੱਤਰ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਵਿਚ ਲੱਗਾ ਹੈ। ਉਹਨਾਂ ਕਿਹਾ ਕਿ ਬਜਾਏ ਪੀੜਤ ਪਰਿਵਾਰਾਂ ਦੀ ਗੱਲ ਸੁਣਨ ਦੇ ਮੁੱਖ ਮੰਤਰੀ ਨੇ ਨਜਾਇਜ਼ ਸ਼ਰਾਬ ਕਾਰੋਬਾਰ ਵਿਚ ਸ਼ਾਮਲ ਹੋਣ ਦੇ ਦੋਸ਼ੀ ਅਤੇ ਜਿਹਨਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਹੋਣਾ ਚਾਹੀਦਾ ਸੀ, ਉਹਨਾਂ ਕਾਂਗਰਸੀ ਵਿਧਾਇਕਾਂ ਨੂੰ ਸਟੇਜ 'ਤੇ ਬਿਠਾਇਆ।
ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਦੱਸਿਆ ਕਿ ਲੋਕ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਸਨ ਕਿ ਕਿਵੇਂ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਧਰੁਵ ਦਾਹੀਆ ਨੇ ਨਜਾਇਜ਼ ਸ਼ਰਾਬ ਕਾਰੋਬਾਰੀਆ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ ਹਾਲਾਂਕਿ ਉਹਨਾਂ ਨੂੰ ਕਈ ਵੀ ਵਾਰ ਮੰਗ ਪੱਤਰ ਵੀ ਦਿੱਤੇ ਗਏ ਤੇ ਨਜਾਇਜ਼ ਸ਼ਰਾਬ ਸਪਲਾਈ ਕਰਨ ਲਈ ਵਰਤੇ ਜਾਂਦੇ ਸਕੂਟਰ ਤੇ ਕਾਰਾਂ ਦੇ ਨੰਬਰ ਵੀ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਅਤੇ ਕਾਂਗਰਸ ਦੇ ਦੋ ਐਮ ਪੀਜ਼ ਨੇ ਮੰਨਿਆ ਹੈ ਕਿ ਕਾਂਗਰਸੀ ਆਗੂ ਸੂਬੇ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ ਪਰ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਹਨਾਂ ਨੂੰ ਸ਼ਿਆਸੀ ਸ਼ਰਣ ਦੇ ਰਹੇ ਹਨ ਤੇ ਉਹਨਾਂ ਨੂੰ ਮੁਕੱਦਮਿਆਂ ਤੋਂ ਬਚਾਅ ਰਹੇ ਹਨ।