ਚੰਡੀਗੜ੍ਹ, 23 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਦੇਣ ਤੋਂ ਬਾਅਦ ਹੁਣ ਇਸ ਧੋਖੇ ਨੂੰ ਇਕ ਪ੍ਰਾਪਤੀ ਵਜੋਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਧੋਖੇ ਦਾ ਖੁਲ੍ਹਾਸਾ ਹੋਣ ਤੇ ਇਹ ਸਾਬਤ ਹੋਣ ਕਿ ਉਹ ਕੇਂਦਰ ਨਾਲ ਰਲੇ ਹੋਏ ਸਨ ਤਾਂ ਜੋ ਕਿ ਕਿਸਾਨਾਂ ਦਾ ਰੇਲ ਰੋਕੋ ਚੁੱਕਿਆ ਜਾਂਦਾ, ਉਹ ਹਾਲੇ ਵੀ ਆਪਣੀਆਂ ਅਸਫਲਤਾਵਾਂ ਦਾ ਦੋਸ਼ ਦੂਜਿਆਂ ਸਿਰ ਮੜ੍ਹਨ ਦੀ ਕੋਸ਼ਿਸ਼ ਵਿਚ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣ ਅਤੇ ਪੰਜਾਬੀਆਂ ਨੁੂੰ ਇਹ ਦੱਸਣ ਲਈ ਕਿਹਾ ਕਿ ਉਹਨਾਂ ਨੇ ਸਾਂਝੀ ਸੂਚੀ ਦੇ ਵਿਸ਼ੇ ਤਹਿਤ ਬਿੱਲ ਕਿਉਂ ਪੇਸ਼ ਕੀਤਾ ਜਿਸ ਲਈ ਕੇਂਦਰ ਦੀ ਮਨਜ਼ੁਰੀ ਦੀ ਲੋੜ ਹੈ। ਉਹਨਾਂ ਕਿਹਾ ਕਿ ਕੀ ਇਹ ਸਪਸ਼ਟ ਸੰਕਤ ਨਹੀਂ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲੇ ਹੋਏ ਹਨ ? ਉਹਨਾਂ ਕਿਹਾ ਕਿ ਉਹ ਅਕਾਲੀ ਦਲ ਤੋਂ ਸਲਾਹ ਲੈ ਸਕਦੇ ਸਨ ਤੇ ਸੂਬੇ ਦੇ ਵਿਸ਼ੇ ’ਤੇ ਕਾਨੂੰਨ ਲਿਆ ਕੇ ਸਾਰੇ ਸੂਬੇ ਨੂੰ ਇਕ ਸਰਕਾਰੀ ਮੰਡੀ ਬਣਾ ਕੇ ਤਿੰਨ ਖੇਤੀ ਕਾਨੂੰਨਾਂ ਦਾ ਅਸਰ ਖਤਮ ਕਰ ਸਕਦੇ ਸਨ ਪਰ ਉਹਨਾਂ ਨੇ ਵਪਾਰ ਦੇ ਵਿਸ਼ੇ ’ਤੇ ਬਿੱਲ ਪੇਸ਼ ਕੀਤਾ ਜਿਸ ਵਿਚ ਅੰਤਿਮ ਫੈਸਲਾ ਕੇਂਦਰ ਦੇ ਹੱਥ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਗੰਭੀਰ ਵਿਸ਼ਿਆਂ ’ਤੇ ਗੱਲ ਕਰਦਿਆਂ ਹਲਕੀ ਬਿਆਨਬਾਜ਼ੀ ਕਰਨ ਦੀ ਥਾਂ ਤੱਥਾਂ ਦੀ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਤੁਸੀਂ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਤੁਸੀਂ ਤਿੰਨੋਂ ਐਕਟ ਖਾਰਜ ਕਰ ਰਹੇ ਹੋ। ਉਹਨਾਂ ਕਿਹਾ ਕਿ ਤੁਸੀਂ ਜਿਹੜੇ ਬਿੱਲ ਪੇਸ਼ ਕੀਤੇ ਉਹ ਸਿਰਫ ਐਕਟਾਂ ਵਿਚ ਸੋਧਾਂ ਸਨ ਜਿਹਨਾਂ ਨੇ ਪੰਜਾਬ ਦਾ ਕੇਸ ਉਸੇ ਤਰੀਕੇ ਕਮਜ਼ੋਰ ਕਰ ਦਿੱਤਾ ਹੈ ਜਿਸ ਤਰੀਕੇ ਦਰਿਆਈ ਪਾਣੀ ਸਮਝੌਤੇ ਦੇ ਐਕਟ ਵੇਲੇ ਕੀਤਾ ਸੀ ਤੇ ਰਾਜਸਥਾਨ ਤੇ ਹਰਿਆਣਾ ਦਾ ਕੇਸ ਮਜ਼ਬੂਤ ਕੀਤਾ ਸੀ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬਿੱਲ ਆਪਣੇ ਮੰਤਰੀਆਂ ਸਮੇਤ ਕਿਸੇ ਨਾਲ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਤੁਸੀਂ ਝੂਠ ਬੋਲਿਆ ਕਿ ਬਿੱਲ ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਪੇਸ਼ ਕੀਤੇ ਹਨ ਜਦਕਿ ਕਿਸਾਨਾਂ ਨੇ ਤੁਹਾਡੇ ਦਾਅਵੇ ਦਾ ਖੰਡਨ ਕੀਤਾ ਹੈ ਤੇ ਇਹਨਾਂ ਨੂੰ ਟੁੱਟ ਫੁੱਟੇ ਕਰਾਰ ਦਿੱਤਾ ਹੈ। ਇਸੇ ਤਰੀਕੇ ਤੁਸੀਂ ਇਹ ਦਾਅਵਾ ਕੀਤਾ ਕਿ ਵਿਸ਼ੇਸ਼ ਸੈਸ਼ਨ ਦੀ ਕੋਈ ਜ਼ਰੂਰਤ ਨਹੀਂ ਜੋ ਕੋਈ ਮਕਸਦ ਹੱਲ ਨਾ ਕਰਦਾ ਹੋਵੇ ਪਰ ਜਦੋਂ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਤਾਂ ਤੁਸੀਂ ਸੈਸ਼ਨ ਵੀ ਸੱਦ ਲਿਆ।
ਸ੍ਰੀ ਬਾਦਲ ਮੁੱਖ ਮੰਤਰੀ ਨੇ ਐਮ ਐਸ ਪੀ ’ਤੇ ਸਰਕਾਰੀ ਖਰੀਦ ਲਾਜ਼ਮੀ ਨਾ ਕਰ ਕੇ ਸੂਬੇ ਦੇ ਕਿਸਾਨਾਂ ਦੇ ਭਵਿੱਖ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਾਸਮਤੀ, ਮੱਕੀ ਤੇ ਨਰਮੇਤ ਵਰਗੀਆਂ ਫਸਲਾਂ ਦੀ ਸਰਕਾਰੀ ਖਰੀਦ ਨਾ ਹੋਣ ਦੇ ਕਾਰਨ ਇਹਨਾਂ ਦੇ ਉਤਪਾਦਕਾਂ ਦੇ ਹੱਕਾਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾਈ।
ਮੁੱਖ ਮੰਤਰੀ ਨੂੰ ਇਧਰ ਉਧਰ ਦੀਆਂ ਨਾ ਮਾਰਨ ਅਤੇ ਸਿੱਧਾ ਇਕ ਸੌਖੇ ਸਵਾਲ ਦਾ ਜਵਾਬ ਦੇਣ ਕਿ ਕੀ ਇਹ ਸੱਚ ਨਹੀਂ ਕਿ ਤੁਸੀਂ ਕੇਂਦਰ ਨਾਲ ਰਲੇ ਹੋਏ ਹੋ ਜਿਸ ਨਾਲ ਪੰਜਾਬ ਮੁੜ ਪਿੱਛੇ ਆ ਗਿਆ ਹੈ ? ਉਹਨਾਂ ਕਿਹਾ ਕਿ ਤੁਸੀਂ ਜਾਣਦੇ ਸੀ ਕਿ ਜੋ ਬਿੱਲ ਤੁਸੀਂ ਵਿਧਾਨ ਸਭਾ ਵਿਚ ਪੇਸ਼ ਕੀਤੇ ਉਹਨਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੇਗੀ ਪਰ ਇਸਦੇ ਬਾਵਜੂਦ ਤੁਸੀਂ ਬਿੱਲ ਪੇਸ਼ ਕੀਤੇ ਤੇ ਇਹਨਾਂ ਦੇ ਉਲਟ ਸਾਰੀਆਂ ਸਲਾਹਾਂ ਨੂੰ ਅਣਡਿੱਠ ਕੀਤਾ ਕਿਉਂਕਿ ਤੁਸੀਂ ਪੰਜਾਬ ਦੇ ਹਿੱਤ ਕੇਂਦਰ ਦੇ ਹੱਥ ਵਿਚ ਵੇਚਣ ਦਾ ਫੈਸਲਾ ਕੀਤਾ ਸੀ।