ਮੁੱਖ ਮੰਤਰੀ ਤੇ ਵਿੱਤ ਮੰਤਰੀ ਇਹ ਵੀ ਦੱਸਣ ਕਿ ਕਿੰਨੇ ਨੌਜਵਾਨਾਂ ਨੂੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਗਿਆ : ਪਰਮਬੰਸ ਸਿੰਘ ਰੋਮਾਣਾ
ਇਹ ਵੀ ਪੁੱਛਿਆ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ, ਹਰਾ ਟਰੈਕਟਰ ਤੇ ਯਾਰੀ ਐਂਟਰਪ੍ਰਾਇਜ਼ਿਜ਼ ਸਕੀਮਾਂ ਦੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਦਾ ਕਿੰਨਾ ਲਾਭ ਨੌਜਵਾਨਾਂ ਨੂੰ ਮਿਲਿਆ
ਚੰਡੀਗੜ•, 24 ਜੁਲਾਈ : ਯੂਥ ਅਕਾਲੀ ਦਲ ਦੇ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਦੱਸਣ ਕਿ ਕਿੰਨੇ ਪੰਜਾਬੀ ਨੌਜਵਾਨਾਂ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਰੋਜ਼ਗਾਰ ਦਿੱਤਾ ਗਿਆ ਜਦਕਿ ਇਹ ਵੀ ਪੁੱਛਿਆ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਲਈ ਕੀਤੇ ਛੇ ਵੱਡੇ ਵਾਅਦਿਆਂ ਵਿਚੋਂ ਹੁਣ ਤੱਕ ਕਿੰਨੇ ਪੂਰੇ ਹੋਏ ਹਨ।
ਇਥੇ ਇਕ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਨੂੰ ਹੁਣ ਨੌਜਵਾਨਾਂ ਨੂੰ ਹੋਰ ਜ਼ਿਆਦਾ ਚਿਰ ਤੱਕ ਗੁੰਮਰਾਹ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਉਹ ਇਹ ਵੀ ਦੱਸਣ ਕਿ ਕਿੰਨੀਆਂ ਨੌਕਰੀਆਂ ਉਹਨਾਂ ਦੀ ਸਰਕਾਰ ਨੇ ਦਿੱਤੀਆਂ ਸਗੋਂ ਇਹ ਦਾਅਵਾ ਨਾ ਕਰਨ ਕਿ ਪ੍ਰਾਈਵੇਟ ਕਾਲਜਾਂ ਵਿਚ ਪਲੇਸਮੈਂਟ ਏਜੰਸੀਆਂ ਨੇ ਜਾਂ ਮਾਰਕੀਟ ਵਿਚ ਸਵੈ ਰੋਜ਼ਗਾਰ ਨਾਲ ਕਿੰਨੀਆਂ ਨੌਕਰੀਆਂ ਜਾਂ ਰੋਜ਼ਗਾਰ ਮਿਲਿਆ । ਉਹਨਾਂ ਕਿਹਾ ਕਿ ਇਕ ਵਾਰ ਮੁੱਖ ਮੰਤਰੀ ਇਸਦੇ ਅੰਕੜੇ ਪੇਸ਼ ਕਰਨ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਕਿਵੇਂ ਕਾਂਗਰਸ ਵੱਲੋਂ ਘਰ ਘਰ ਨੌਕਰੀ ਦੇ ਵਾਅਦੇ ਨਾਲ 52 ਲੱਖ ਨੌਕਰੀਆਂ ਦੇਣ ਦਾ ਪਾਰਟੀ ਦੇ ਚੋਣ ਮਨੋਰਥ ਵਿਚ ਕੀਤਾ ਵਾਅਦਾ ਅਸਲੀਅਤ ਤੋਂ ਕਿੰਨਾ ਕੋਹਾਂ ਦੂਰ ਹੈ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਸਨ, ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸਣ ਕਿ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਵਿਚੋਂ ਕਿੰਨੇ ਪੂਰੇ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਇਹ ਵੀ ਦੱਸਣ ਕਿ ਕੀਤੇ ਵਾਅਦੇ ਅਨੁਸਾਰ ਕਿੰਨੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਮਿਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਕਿੰਨੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਗੱਡੀ ਆਪਣਾ ਰੋਜ਼ਗਾਰ, ਹਰਾ ਟਰੈਕਟਰ, ਯਾਰੀ ਐਂਟਰਪ੍ਰਾਇਜ਼ਿਜ਼ ਵਰਗੀਆਂ ਕਈ ਯੌਜਨਾਵਾਂ ਸ਼ੁਰੂ ਕਰ ਕੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਵੱਡੀ ਗਿਣਤੀ ਵਿਚ ਦੇਣ ਦਾ ਐਲਾਨ ਵੀ ਕੀਤਾ ਸੀ। ਉਹਨਾਂ ਕਿਹਾ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਤਹਿਤ ਸਰਕਾਰ ਨੇ ਹਰ ਸਾਲ ਇਕ ਲੱਖ ਟੈਕਸੀਆਂ/ਕਮਰਸ਼ੀਅਲ ਵਾਹਨ ਨੌਜਵਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਹਰਾ ਟਰੈਕਟਰ ਸਕੀਮ ਤਹਿਤ ਹਰ ਸਾਲ 25,000 ਟਰੈਕਟਰ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਯਾਰੀ ਐਂਟਰਪ੍ਰਾਇਜ਼ਿਜ਼ ਸਕੀਮ ਤਹਿਤ ਸਰਕਾਰ ਨੇ ਨੌਜਵਾਨਾਂ ਨੂੰ ਆਪਣੇ ਉਦਮ ਖੋਲ•ਣ 'ਤੇ 30 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਸਹੀ ਜਵਾਬ ਦੇਣ ਕਿ ਕਿੰਨੀਆਂ ਟੈਕਸੀਆਂ, ਕਮਰਸ਼ੀਅਲ ਵਾਹਨ ਤੇ ਟਰੈਕਟਰ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਨੌਜਵਾਨਾਂ ਨੂੰ ਦਿੱਤੇ ਗਏ। ਉਹਨਾਂ ਕਿਹਾ ਕਿ ਕਿੰਨੇ ਨੌਜਵਾਨਾਂ ਨੇ ਆਪਣੇ ਉਦਮ ਸ਼ੁਰੂ ਕੀਤੇ, ਇਹ ਵੀ ਦੱਸਿਆ ਜਾਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਦੀ ਗੱਲ ਕਰਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਹਰ ਸਾਲ ਨੌਜਵਾਨਾਂ ਨੂੰ ਮੋਬਾਈਲ ਦੇਣ ਬਾਰੇ ਨਵੇਂ ਬਹਾਨੇ ਘੜ ਦਿੰਦੀ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਜਾਪਦਾ ਹੈ ਕਿ ਸਮਾਰਟ ਫੋਨਾਂ ਨੂੰ ਵੀ ਕੋਰੋਨਾ ਹੋ ਗਿਆ ਹੈ।
ਸ੍ਰੀ ਰੋਮਾਣਾ ਨੇ ਇਹ ਵੀ ਦੱਸਿਆ ਕਿ ਕਿਵੇਂ ਅਨੁਸੂਚਿਤ ਜਾਤੀ ਵਰਗ ਦੇ ਸੈਂਕੜੇ ਬੱਚਿਆਂ ਦੀ ਕਰੋੜਾਂ ਰੁਪਏ ਦੀ ਸਕਾਲਰਸ਼ਿਪ ਲੰਬੇ ਸਮੇਂ ਤੋਂ ਲਟਕ ਰਹੀ ਹੈ ਤੇ ਇਸ ਕਾਰਨ ਸਰਕਾਰੀ ਕਾਲਜਾਂ ਵਿਚ ਐਤਕੀਂ ਇਕ ਲੱਖ ਵਿਦਿਆਰਥੀਆਂ ਦਾ ਦਾਖਲਾ ਘਟਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਇਹ ਵੀ ਦੱਸਣ ਕਿ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਲਈ ਰਾਖਵੇਂ ਫੰਡ ਹੋਰ ਪਾਸੇ ਕਿਉਂ ਮੋੜੇ ਗਏ ਤੇ ਹਾਲੇ ਤੱਕ ਉਹਨਾਂ ਨੂੰ ਸਕਾਰਲਸ਼ਿਪ ਕਿਉਂ ਨਹੀਂ ਮਿਲੀ।