ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ
ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਕੀਤਾ ਇਕ ਵੀ ਕੰਮ ਗਿਣਾਉਣ ਮੁੱਖ ਮੰਤਰੀ
2022 ਚੋਣਾਂ ਲਈ ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਤੋਂ ਪਾਰਟੀ ਉਮੀਦਵਰ ਐਲਾਨਿਆ
ਅਮਰਕੋਟ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਝੂਠੇ ਵਾਅਦਿਆਂ ਨਾਲ ਉਹਨਾਂ ਨੇ ਪੰਜਾਬੀਆਂ ਨਾਲ ਠੱਗੀ ਕਿਉਂ ਮਾਰੀ, ਵਿਕਾਸ ਕਾਰਜ ਠੱਪ ਕਰ ਕੇ ਰੱਖ ਦਿੱਤੇ ਅਤੇ ਸੂਬੇ ਵਿਚ ਸਭ ਤੋਂ ਮਾੜਾ ਪ੍ਰਸ਼ਾਸਨ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜੋ ਪੰਜਾਬ ਮੰਗਦਾ ਜਵਾਬ ਰੈਲੀਆਂ ਦੀ ਲੜੀ ਵਿਚ ਦੂਜੀ ਰੈਲੀ ਮੌਕੇ ਲਾ ਮਿਸਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਨੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਖੇਮਕਰਨ ਹਲਕੇ ਤੋਂ ਪਾਰਟੀ ਉਮੀਦਵਾਰ ਵੀ ਐਲਾਨਿਆ। ਉਹਨਾਂ ਇਹ ਐਲਾਨ ਲੋਕਾਂ ਵੱਲੋਂ ਸ੍ਰੀ ਵਲਟੋਹਾ ਦੀ ਉਮੀਦਵਾਰੀ ਦਾ ਸਰਬਸੰਮਤੀ ਨਾਲ ਸਮਰਥਨ ਕਰਨ ਤੋਂ ਬਾਅਦ ਕੀਤਾ ਗਿਆ।
ਜਵਾਬ ਮੰਗਦਿਆਂ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹਨਾਂ ਨੇ ਪਵਿੱਤਰ ਗੁਟਕਾ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਝੂਠੀ ਸਹੁੰ ਕਿਉਂ ਖਾਧੀ ਕਿ ਉਹ ਸੂਬੇ ਵਿਚ ਸਰਕਾਰ ਬਣਨ ਮਗਰੋਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨਗੇ। ਉਹਨਾਂ ਕਿਹਾ ਕਿ ਪੰਜਾਬੀ ਮੁੱਖ ਮੰਤਰੀ ਤੋਂ ਉਹਨਾਂ ਨਾਲ ਕੀਤੀ ਗਈ ਇਸ ਠੱਗੀ ਦਾ ਜਵਾਬ ਚਾਹੁੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕਰਦਿਆਂ ਉਹਨਾਂ ਤੋਂ ਫਾਰਮ ਵੀ ਭਰਵਾ ਲਏ ਤੇ ਇਸ ਲਈ ਵਾਅਦਿਆਂ ਵਾਲੇ ਹਲਫੀਆ ਬਿਆਨ ਵੀ ਜਾਰੀ ਕਰ ਦਿੱਤੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਦੱਸਣਾ ਪਵੇਗਾ ਕਿ ਉਹਨਾਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਿਉਂ ਕੀਤਾ। ਉਹਨਾਂ ਨੇ ਮੁੱਖ ਮੰਤਰੀ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਲਈ ਕੀਤਾ ਇਕ ਵੀ ਕੰਮ ਦੱਸਣ ਵਾਸਤੇ ਵੀ ਆਖਿਆ। ਉਹਨਾਂ ਕਿਹਾ ਕਿ ਤੁਸੀਂ ਸਾਨੂੰ ਇਕ ਵੀ ਸੜਕ, ਬਿਜਲੀ ਗ੍ਰਿਡ ਜਾਂ ਕਾਲਜ ਜਿਹੜਾ ਤੁਸੀਂ ਬਣਾਇਆ ਹੋਵੇ, ਉਸ ਬਾਰੇ ਦੱਸ ਦਿਓ। ਉਹਨਾਂ ਕਿਹਾ ਕਿ ਹੋਰ ਸਭ ਕੁਝ ਭੁੱਲ ਜਾਓ ਮੁੱਖ ਮੰਤਰੀ ਨੇ ਤਾਂ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦਿੱਤੀ ਤੇ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਨੂੰ ਕਲੀਨ ਚਿੱਟ ਦਿੰਦੇ ਰਹੇ ਜਿਹਨਾਂ ਨੇ ਆਪਣੇ ਹੀ ਮਾਫੀਆ ਬਣਾ ਲਏ ਸਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਕਿ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵੀ ਖਿਆਲ ਨਹੀਂ ਕੀਤਾ ਗਿਆ ਤੇ ਵਿਰਾਸਤੀ ਮਾਰਗ ਦੀ ਸੰਭਾਲ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸੇ ਤਰੀਕੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਕਾਲ ਤੋਂ ਬਿਲਕੁਲ ਉਲਟ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਵਾਸਤੇ ਚੰਗਾ ਕਰਨ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਅਸੀਂ ਕਾਂਗਰਸ ਤੇ ਭਾਜਪਾ ਵਰਗੇ ਨਹੀਂ ਜੋ ਕੇਂਦਰੀ ਹਾਈ ਕਮਾਂਡ ਤੋਂ ਹਦਾਇਤਾਂ ਲੈਂਦੇ ਹਨ, ਬਲਕਿ ਅਸੀਂ ਖੇਤਰੀ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਕੰਮ ਕਰਦੇ ਹਾਂ। ਉਹਨਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਲਈ ਲੜ ਰਿਹਾ ਹੈ ਤੇ ਇਸਨੇ ਕੇਂਦਰੀ ਮੰਤਰੀ ਮੰਡਲ ਦੇ ਨਾਲ ਨਾਲ ਭਾਜਪਾ ਨਾਲ ਗਠਜੋੜ ਵੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਵਜੋਂ ਤੋੜ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਕਿਹਾ ਕਿ ਜੇਕਰ ਅਕਾਲੀ ਦਲ ਮਜ਼ਬੂਤ ਹੋਵੇਗਾ ਤਾਂ ਕੌਮ ਮਜ਼ਬੂਤ ਹੋਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਲਾਮਿਸਾਲ ਰੈਲੀ ਲਈ ਸ੍ਰੀ ਵਿਰਸਾ ਸਿੰਘ ਵਲਟੋਹਾ ਦੀ ਵਡਿਆਈ ਕਰਦਿਆਂ ਕਿਹਾ ਕਿ ਸ੍ਰੀ ਵਿਲਟੋਹਾ ਨੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਵੱਲੋਂ ਕੀਤੇ ਜ਼ਬਰ ਤੇ ਜ਼ੁਲਮ ਦੇ ਬਾਵਜੂਦ ਵੀ ਹਲਕੇ ਵਿਚ ਪਾਰਟੀ ਦਾ ਝੰਡਾ ਬੁਲੰਦ ਕਰ ਕੇ ਰੱਖਿਆ।
ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖੇਮਕਰਨ ਦੇ ਲੋਕਾਂ ਨੇ ਅੱਜ ਦੇ ਇਕੱਠ ਨਾਲ ਸੁਖਪਾਲ ਭੁੱਲਰ ਨੂੰ ਅੱਜ ਠੋਕਵਾਂ ਜਵਾਬ ਦੇ ਦਿੱਤਾ ਹੈ ਜੋ ਕਿ ਲੋਕਾਂ ਨੂੰ ਅੱਜ ਦੀ ਰੈਲੀ ਵਿਚ ਸ਼ਾਮਲ ਹੋਣ ’ਤੇ ਝੁਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਹਨਾਂ ਕਿਹਾ ਕਿ ਲੋਕ ਉਸ ਮੌਕਾ ਪ੍ਰਸਤ ਆਗੂ ਤੋਂ ਕੋਈ ਆਸ ਨਹੀਂ ਰੱਖ ਸਕਦੇ ਜਿਸਨੇ ਆਪਣੇ ਪਿਤਾ ਗੁਰਚੇਤ ਸਿੰਘ ਭੁੱਲਰ ਤੇ ਭਰਾ ਅਨੂਪ ਸਿੰਘ ਭੁੱਲਰ ਨੂੰ ਵੀ ਧੋਖਾ ਦਿੱਤਾ ਹੋਵੇ।
ਸ੍ਰੀ ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਕਰਨ ਦੀ ਥਾਂ ਉਲਟਾ ਨਵੇਂ ਟੈਕਸ ਲੋਕਾਂ ਸਿਰ ਮੜ੍ਹਨ ਦੀ ਗੱਲ ਨੁੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿਚ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ ਕਿਉਂਕਿ ਸਭ ਤੋਂ ਜ਼ਿਆਦਾ ਵੈਟ ਪੰਜਾਬ ਸਰਕਾਰ ਨੇ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਸ ਮਾਮਲੇ ’ਤੇ ਕੇਂਦਰ ਸਰਕਾਰ ਨਾਲ ਫਿਕਸ ਮੈਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕਾਂਗਰਸ ਸਰਕਾਰ ਨੇ 15 ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ ਤੇ ਆਮ ਲੋਕਾਂ ਸਿਰ ਝੱਲਿਆ ਨਾ ਜਾ ਸਕਣ ਵਾਲਾ ਭਾਰ ਪਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਤਰਨ ਤਾਰਨ ਵਿਚ ਲਾਅ ਯੂਨੀਵਰਸਿਟੀ ਬਣਾਉਣ ਦੇ ਐਲਾਨਾਂ ਨੁੰ ਅਮਲੀ ਜਾਮਾ ਨਹੀਂ ਪਾਇਆ ਗਿਆ।
ਸ੍ਰੀ ਮਜੀਠੀਆ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿਚ ਭਾਜਪਾ ਨਾਲ ਕੋਈ ਸਾਂਝ ਨਹੀਂ ਪਾਵੇਗਾ। ਇਸ ਮੌਕੇ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਵੀ ਆਪਣੇ ਭਾਸ਼ਣ ਵਿਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੀ ਗੱਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ, ਹਰਮੀਤ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਗੌਰਵ ਵਲਟੋਹਾ, ਗੁਰਪ੍ਰਤਾਪ ਟਿੱਕਾ, ਤਲਬੀਰ ਸਿੰਘ ਗਿੱਲ, ਇਕਬਾਲ ਸਿੰਘ ਸੰਧੂ ਤੇ ਮਨਜੀਤ ਘਸੀਟਪੁਰਾ ਨੇ ਵੀ ਰੈਲੀ ਨੁੰ ਸੰਬੋਧਨ ਕੀਤਾ।