ਔਰਤਾਂ ਨੇ ਘਟੀਆ ਸਮੱਗਰੀ ਦੀਆਂ ਵਰਦੀਆਂ ਬਾਰੇ ਹਰਸਿਮਰਤ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ ਜ਼ਿਆਦਾਤਰ ਵਰਦੀਆਂ ਦਾ ਸਾਇਜ਼ ਛੋਟਾ ਹੈ
ਕੇਂਦਰੀ ਮੰਤਰੀ ਨੇ ਕਿਹਾ ਕਿ ਵਰਦੀਆਂ ਦੀ ਸਪਲਾਈ ਵਿਚ ਵੱਡਾ ਘੁਟਾਲਾ ਹੋਇਆ ਹੈ
ਕਿਹਾ ਕਿ ਕੇਂਦਰ ਦੇ ਪੈਸੇ ਨਾਲ ਖਰੀਦੀਆਂ ਵਰਦੀਆਂ ਦੀ ਜਾਂਚ ਲਈ ਕੇਂਦਰ ਨੂੰ ਕਹਿਣਗੇ
ਮਾਨਸਾ/01 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੁਆਬ ਦੇਣ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਗਰਮੀਆਂ ਵਿਚ ਕਿਉਂ ਵੰਡੀਆਂ ਜਾ ਰਹੀਆਂ ਹਨ? ਇਸ ਦੇ ਨਾਲ ਹੀ ਉਹਨਾਂ ਨੇ ਘਟੀਆ ਸਮੱਗਰੀ ਵਾਲੀਆਂ ਵਰਦੀਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਜਿਹਨਾ ਨੂੰ ਲੋਕਾਂ ਵੱਲੋਂ ਲੈਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ।
ਅੱਜ ਇਸ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਵਿਚ ਦਲਿਤ ਔਰਤਾਂ ਵੱਲੋਂ ਇਹ ਮੁੱਦਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿਚ ਲਿਆਂਦਾ ਗਿਆ। ਇੱਕ ਔਰਤ ਨੇ ਉਸ ਦੀ ਬੇਟੀ ਨੂੰ ਮਿਲੀ ਵਰਦੀ ਵਿਖਾਈ, ਜੋ ਉਸ ਦੇ ਸਾਇਜ਼ ਨਾਲੋਂ ਬਹੁਤ ਜ਼ਿਆਦਾ ਛੋਟੀ ਸੀ।ਇੱਕ ਹੋਰ ਔਰਤ ਨੇ ਸ਼ਿਕਾਇਤ ਕੀਤੀ ਕਿ ਇਹ ਵਰਦੀਆਂ ਬਹੁਤ ਹੀ ਘਟੀਆ ਸਮੱਗਰੀ ਨਾਲ ਤਿਆਰ ਕੀਤੀਆਂ ਹਨ ਜੋ ਕਿ ਪਾਉਣ-ਯੋਗ ਵੀ ਨਹੀਂ ਹਨ। ਉਹਨਾਂ ਇਹ ਵੀ ਦੱਸਿਆ ਕਿ ਕਾਂਗਰਸੀ ਰਾਜ ਦੇ ਪਿਛਲੇ ਦੋ ਸਾਲਾਂ ਦੌਰਾਨ ਪਹਿਲੀ ਵਾਰ ਉਹਨਾਂ ਨੂੰ ਵਰਦੀਆਂ ਮਿਲੀਆਂ ਹਨ ਜਦਕਿ ਅਕਾਲੀ-ਭਾਜਪਾ ਸਰਕਾਰ ਵੇਲੇ ਅਜਿਹੀ ਕੋਈ ਸਮੱਸਿਆ ਨਹੀਂ ਸੀ ਆਉਂਦੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਘਟੀਆ ਸਮੱਗਰੀ ਅਤੇ ਛੋਟੇ ਸਾਈਜ਼ ਵਾਲੀਆਂ ਵਰਦੀਆਂ ਸਪਲਾਈ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਦੇ 12 ਲੱਖ ਬੱਚਿਆਂ ਵਾਸਤੇ ਸਰਦੀਆਂ ਦੀਆਂ ਵਰਦੀਆਂ ਲਈ ਦਿੱਤੀ ਕੇਂਦਰੀ ਗਰਾਂਟ ਦੀ ਦੁਰਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੇ ਹਲਕੇ ਅੰਦਰੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅੱਠਵੀਂ ਅਤੇ ਨੌਵੀਂ ਕਲਾਸ ਦੇ ਬੱਚਿਆਂ ਨੂੰ ਉਹ ਵਰਦੀਆਂ ਵੰਡੀਆਂ ਜਾ ਰਹੀਆਂ ਹਨ, ਜਿਹੜੀਆਂ ਸਿਰਫ ਦੂਜੀ ਅਤੇ ਤੀਜੀ ਕਲਾਸ ਦੇ ਬੱਚਿਆਂ ਦੇ ਨਾਪ ਦੀਆਂ ਹਨ। ਉਹਨਾਂ ਕਿਹਾ ਕਿ ਕੇਂਦਰੀ ਫੰਡਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ 12 ਲੱਖ ਬੱਚਿਆਂ ਲਈ ਵਰਦੀਆਂ ਦੀ ਸਪਲਾਈ ਵਿਚ ਵੱਡਾ ਘੁਟਾਲਾ ਕੀਤਾ ਗਿਆ ਹੈ। ਮੈਂ ਕੇਂਦਰੀ ਸਰਕਾਰ ਨੂੰ ਇਸ ਬਾਰੇ ਲਿਖਾਂਗੀ ਅਤੇ ਸਕੂਲੀ ਬੱਚਿਆਂ ਨੂੰ ਘਟੀਆ ਕਿਸਮ ਦੀਆਂ ਵਰਦੀਆਂ ਸਪਲਾਈ ਕਰਨ ਲਈ ਸੂਬਾ ਸਰਕਾਰ ਦੀ ਚੰਗੀ ਤਰ੍ਹਾਂ ਖ਼ਬਰ ਲੈਣ ਲਈ ਕਹਾਂਗੀ।
ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਦਿੱਤੀਆਂ ਜਾਣ ਵਾਲੀਆਂ ਸਰਦੀਆਂ ਦੀਆਂ ਵਰਦੀਆਂ, ਸਰਦੀਆਂ ਖ਼ਤਮ ਹੋਣ ਤੋਂ ਬਾਅਦ ਹੁਣ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕੜਾਕੇ ਦੀ ਠੰਡ ਵਿਚ ਬੱਚਿਆਂ ਨੂੰ ਵਰਦੀਆਂ ਨਹੀਂ ਸਨ ਦਿੱਤੀਆਂ ਗਈਆਂ, ਜਿਸ ਕਰਕੇ ਹਜ਼ਾਰਾਂ ਬੱਚਿਆਂ ਨੇ ਸਕੂਲ ਜਾਣਾ ਛੱਡ ਦਿੱਤਾ ਸੀ। ਹੁਣ ਜਦੋਂ ਕਾਂਗਰਸ ਸਰਕਾਰ ਨੇ ਮਹਿਸੂਸ ਕਰ ਲਿਆ ਹੈ ਕਿ ਲੋਕ ਸਭਾ ਚੋਣਾਂ ਵਿਚ ਗਰੀਬ ਤਬਕੇ ਦੇ ਲੋਕ ਇਸ ਨੂੰ ਕਰਾਰਾ ਸਬਕ ਸਿਖਾਉਣਗੇ ਤਾਂ ਇਸ ਨੇ ਕਾਹਲੀ ਕਾਹਲੀ ਵਰਦੀਆਂ ਵੰਡ ਕੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਵਰਦੀਆਂ ਦੀ ਘਟੀਆ ਸਮੱਗਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਅੰਦਰ ਦਲਾਲਾਂ ਦੀ ਸਰਦਾਰੀ ਹੈ ਅਤੇ ਇਸ ਦੀ ਗਰੀਬਾਂ ਅਤੇ ਦੱਬੇ ਕੁਚਲਿਆਂ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਹੈ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀਆਂ ਤਕਲੀਫਾਂ ਸੁਣਨ ਅਤੇ ਉਹਨਾਂ ਦਾ ਫੌਰੀ ਹੱਲ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਹਮੇਸ਼ਾਂ ਲੋਕਾਂ ਕੋਲ ਜਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੇ ਸਨ। ਕਾਂਗਰਸ ਸਰਕਾਰ ਅੰਦਰ ਸਾਰੇ ਹੀ ਸੱਤਾ ਦੇ ਨਸ਼ੇ ਵਿਚ ਚੂਰ ਹਨ ਅਤੇ ਲੋਕਾਂ ਬਾਰੇ ਕੋਈ ਨਹੀਂ ਸੋਚਦਾ। ਅਜਿਹਾ ਲੋਕ ਵਿਰੋਧੀ ਵਤੀਰਾ ਕਿਸੇ ਵੀ ਚੁਣੀ ਹੋਈ ਸਰਕਾਰ ਲਈ ਠੀਕ ਨਹੀਂ ਹੁੰਦਾ।