ਕਿਹਾ ਕਿ ਕਿਸਾਨਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ
ਕਿਹਾ ਕਿ ਵੱਧ ਨਮੀ ਦੇ ਨਾਂ 'ਤੇ ਕਿਸੇ ਨੂੰ ਵੀ ਕਿਸਾਨਾਂ ਨੂੰ ਲੁੱਟਣ ਦੀ ਇਜ਼ਾਜ਼ਤ ਨਹੀਂ ਹੋਣੀ ਚਾਹੀਦੀ
ਬਠਿੰਡਾ/24 ਅਪ੍ਰੈਲ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਕਰਨ ਦਾ ਨਿਰਦੇਸ਼ ਦੇਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਉੱਤੇ ਲਾਈ ਅਣਅਧਿਕਾਰਤ ਪਾਬੰਦੀ ਕਰਕੇ ਮੰਡੀਆਂ ਵਿਚ ਫਸਲ ਦੇ ਅੰਬਾਰ ਲੱਗ ਚੁੱਕੇ ਹਨ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਡੀਆਂ ਵਿਚ ਹੋ ਰਹੀ ਖੱਜਲ-ਖੁਆਰੀ ਅਤੇ ਲੁੱਟ ਦੀਆਂ ਰਿਪੋਰਟਾਂ ਮਗਰੋਂ ਮੁੱਖ ਮੰਤਰੀ ਵੱਲੋਂ ਸੰਗਰੂਰ ਵਿਚ ਇੱਕ ਅਨਾਜ ਮੰਡੀ ਦਾ ਕੀਤਾ ਦੌਰਾ ਮਹਿਜ਼ ਇੱਕ ਰਸਮੀ ਕਾਰਵਾਈ ਨਹੀਂ ਬਣਨਾ ਚਾਹੀਦਾ। ਉਹਨਾਂ ਕਿਹਾ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਤੁਰੰਤ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ, ਜਿਹਨਾਂ ਨੇ ਬਿਨਾਂ ਕੋਈ ਨੋਟਿਸ ਦਿੱਤੇ ਮਰਜ਼ੀ ਨਾਲ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ, ਕਿਉਂਕਿ ਵੱਡੀ ਮਾਤਰਾ ਵਿਚ ਫਸਲ ਆਉਣ ਕਰਕੇ ਮੰਡੀਆਂ ਵਿਚ ਅੰਬਾਰ ਲੱਗ ਗਏ ਹਨ।
ਬਠਿੰਡਾ ਸਾਂਸਦ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀਆਂ ਦੇ ਦੌਰੇ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸ ਰਹੇ ਹਨ। ਉਹਨਾਂ ਕਿਹਾ ਕਿ ਦੋ ਦਿਨਾਂ ਮਗਰੋਂ ਆਖਿਰ ਮੁੱਖ ਮੰਤਰੀ ਨੇ ਉਹਨਾਂ ਦੀ ਗੱਲ ਉੱਤੇ ਗੌਰ ਕੀਤਾ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਇੰਤਜ਼ਾਮ ਦੇ ਪ੍ਰਬੰਧ ਠੀਕ ਕਰਨ ਲਈ ਕਿਹਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਕਿਸਾਨ ਪਿਛਲੇ ਇੱਕ ਹਫ਼ਤੇ ਤੋਂ ਤਕਲੀਫਾਂ ਝੱਲ ਰਹੇ ਹਨ। ਉਹਨਾਂ ਦੱਸਿਆ ਕਿ ਬਠਿੰਡਾ ਹਲਕੇ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਦੀ ਚੁਕਾਈ ਦੀ ਸਮੱਸਿਆ ਪਰੇਸ਼ਾਨ ਕਰ ਰਹੀ ਹੈ, ਕਿਉਂਕਿ ਅਜੇ ਤਕ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਕੱਲ੍ਹ ਨਾਰੂਆਣਾ ਮੰਡੀ ਦਾ ਦੌਰਾ ਕਰਨ ਉੱਤੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਮੰਡੀ ਵਿਚ ਬੈਠੇ ਹਨ ਅਤੇ ਇੱਥੇ ਸ਼ੈਡ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਅਤੇ ਮੁੱਖ ਮੰਤਰੀ ਦਾ ਸੰਗਰੂਰ ਮੰਡੀ ਦਾ ਦੌਰਾ ਮਹਿਜ਼ ਲਫਜ਼ੀ ਹਮਦਰਦੀ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ।
ਬੀਬੀ ਬਾਦਲ ਨੇ ਕਿਹਾ ਕਿ ਫਸਲ ਵਿਚ ਨਮੀ ਦੀ ਮਾਤਰਾ ਜਾਂਚਣ ਸਮੇਂ ਕਿਸਾਨਾਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਨਮੀ ਦੀ ਮਾਤਰਾ ਦੀ ਆੜ ਵਿਚ ਕਿਸਾਨਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਸਾਨ ਸ਼ਿਕਾਇਤਾਂ ਕਰ ਰਹੇ ਹਨ ਕਿ ਲੋੜੀਂਦੇ ਡਰਾਇਰ ਮਹੱਈਆ ਕਰਵਾ ਕੇ ਨਮੀ ਘਟਾਉਣ ਵਿਚ ਉਹਨਾਂ ਦੀ ਮੱਦਦ ਕਰਨ ਦੀ ਬਜਾਇ ਖਰੀਦ ਏਜੰਸੀਆਂ ਉਹਨਾਂ ਨੂੰ ਮੰਡੀਆਂ ਵਿਚ ਦਾਖ਼ਲ ਹੋਣ ਤੋਂ ਜਬਰਦਸਤੀ ਰੋਕ ਰਹੀਆਂ ਹਨ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਮੰਡੀਆਂ ਅੰਦਰ ਨਮੀ ਜਾਂਚਣ ਵਾਲੀਆਂ ਮਸ਼ੀਨਾਂ ਵੀ ਭਰੋਸੇਯੋਗ ਨਹੀਂ ਹਨ। ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਇੰਨੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਖੱਜਲ ਖੁਆਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੇ ਹੁਕਮ ਨਹੀਂ ਦਿੱਤੇ ਹਨ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਅਗਲੇ ਦਸ ਦਿਨਾਂ ਦੌਰਾਨ ਅਨਾਜ ਮੰਡੀਆਂ ਵਿਚ ਵਧੇਰੇ ਸਟਾਫ ਲਗਾਉਣ ਲਈ ਵੀ ਆਖਿਆ ਹੈ, ਕਿਉਂਕਿ ਮੰਡੀਆਂ ਵਿਚ ਫਸਲ ਦੀ ਆਮਦ ਵਧ ਜਾਵੇਗੀ, ਜਿਸ ਦੀ ਖਰੀਦ ਲਈ ਵਧੇਰੇ ਸਟਾਫ ਦੀ ਲੋੜ ਹੋਵੇਗੀ। ਉਹਨਾਂ ਕਿਹਾ ਕਿ ਇਸ ਸੰਬੰਧੀ ਚੋਣ ਕਮਿਸ਼ਨ ਕੋਲੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨਾਂ ਨੂੰ ਹੋਰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਨੂੰ ਉਹਨਾਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੂਰ ਕਰਨੀਆਂ ਚਾਹੀਦੀਆਂ ਹਨ, ਜਿਹਨਾਂ ਦਾ ਕਹਿਣਾ ਹੈ ਕਿ ਮਾਲ ਮਹਿਕਮੇ ਦੇ ਅਧਿਕਾਰੀ ਉਹਨਾਂ ਦੀਆਂ ਬੇਮੌਸਮੀ ਬਰਸਾਤ ਅਤੇ ਝੱਖੜ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣ ਨਹੀਂ ਆਏ। ਉਹਨਾਂ ਕਿਹਾ ਕਿ ਕਿਸਾਨ ਕਹਿ ਰਹੇ ਹਨ ਕਿ ਸਾਰਿਆਂ ਨੂੰ ਔਸਤ 15 ਤੋਂ 20 ਫੀਸਦੀ ਤਕ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਕੁੱਝ ਇਲਾਕਿਆਂ ਵਿਚ ਫਸਲਾਂ ਦਾ 80 ਫੀਸਦੀ ਤਕ ਨੁਕਸਾਨ ਹੋਇਆ ਹੈ। ਇਸ ਗਲਤੀ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।