ਕਿਹਾ ਕਿ ਔਰਤਾਂ ਖ਼ਿਲਾਫ ਹਿੰਸਾ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ। ਸਰਕਾਰ ਨਾਂ ਦੀ ਕੋਈ ਸੈæਅ ਨਹੀਂ, ਕਾਂਗਰਸੀ ਗੁੰਡਿਆਂ ਨੇ ਜੰਗਲ ਰਾਜ ਕਾਇਮ ਕਰ ਰੱਖਿਆ ਹੈ
ਬਠਿੰਡਾ/05 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਣ ਕਿ ਉਹ ਔਰਤਾਂ ਦੇ ਸਨਮਾਨ ਦੀ ਰਾਖੀ ਕਿਉਂ ਨਹੀਂ ਕਰ ਪਾ ਰਹੇ ਹਨ? ਉਹਨਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਵੱਲੋਂ ਕਾਇਮ ਕੀਤੇ ਜੰਗਲ ਰਾਜ ਅਤੇ ਪ੍ਰਸਾਸ਼ਨ ਦੀ ਨਾਕਾਮੀ ਕਰਕੇ ਪੰਜਾਬ ਅੰਦਰ ਔਰਤਾਂ ਖ਼ਿਲਾਫ ਹਿੰਸਾ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ।
ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਵਿਖੇ ਔਰਤਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਿਆਸੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਨ। ਉੁਹਨਾਂ ਕਿਹਾ ਕਿ ਪੁਲਿਸ ਆਪਣਾ ਅਸਰ ਖੋ ਚੁੱਕੀ ਹੈ, ਕਿਉਂਕਿ ਇਸ ਨੂੰ ਔਰਤਾਂ ਦਾ ਨਿਰਾਦਰ ਕਰ ਰਹੇ ਕਾਂਗਰਸੀ ਗੁੰਡਿਆਂ ਖ਼ਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੁੱਝ ਨੌਜਵਾਨਾਂ ਨੇ ਬਟਾਲਾ ਵਿਖੇ ਇੱਕ ਔਰਤ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦਾ ਚਿਹਰਾ ਕਾਲਾ ਕਰਕੇ ਸੋਸ਼ਲ ਮੀਡੀਆ ਉਤੇ ਪੀੜਤਾ ਦੀਆਂ ਤਸਵੀਰਾਂ ਪਾ ਦਿੱਤੀਆਂ ਸਨ। ਉਹਨਾਂ ਕਿਹਾ ਕਿ ਨੌਜਵਾਨਾਂ ਖ਼ਿਲਾਫ ਕੇਸ ਦਰਜ ਕਰਨ ਦੀ ਥਾਂ, ਬਟਾਲਾ ਪੁਲਿਸ ਨਾ ਸਿਰਫ ਪੀੜਤਾ ਉੱਤੇ ਸ਼ਿਕਾਇਤ ਵਾਪਸ ਲੈਣ ਵਾਸਤੇ ਜ਼ੋਰ ਪਾਉਂਦੀ ਰਹੀ , ਸਗੋਂ ਉਸ ਨੂੰ ਨਤੀਜੇ ਭੁਗਤਣ ਦੀ ਵੀ ਧਮਕੀ ਦਿੱਤੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸੀ ਰਾਜ ਅਧੀਨ ਇਕ ਹੋਰ ਮਾਮਲੇ ਵਿਚ ਮੋਹਾਲੀ ਵਿਖੇ ਇੱਕ ਡਰੱਗ ਇੰਸਪੈਕਟਰ ਦਾ ਬੇਰਹਿਮੀ ਨਾਲ ਉਸ ਦੇ ਦਫਤਰ ਅੰਦਰ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਇਸ ਕਤਲ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ, ਪਰ ਸਰਕਾਰ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦਾ ਰਖਵਾਲਾ ਹੈ ਅਤੇ ਔਰਤਾ ਆਪਣੇ ਸਨਮਾਨ ਅਤੇ ਇੱਜ਼ਤ ਦੀ ਰਾਖੀ ਲਈ ਉਸ ਨੇ ਮੂੰਹ ਵੱਲ ਤੱਕ ਰਹੀਆਂ ਹਨ। ਪਟਿਆਲਾ ਵਿਖੇ ਇੱਕ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਵੱਲੋਂ ਮਹਿਲਾ ਅਧਿਆਪਕਾਂ ਦੀ ਕੀਤੀ ਕੁੱਟਮਾਰ ਅਤੇ ਧੱਕਾਮੁੱਕੀ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪਰ ਉਹ ਅਸੁਰੱਿਖਅਤ ਮਹਿਸੂਸ ਕਰਦੀਆਂ ਹਨ, ਕਿਉਂਕਿ ਕਾਂਗਰਸ ਸਰਕਾਰ ਖੁਦ ਵੀ ਔਰਤਾਂ ਦੇ ਸਨਮਾਨ ਸੱਟ ਮਾਰ ਰਹੀ ਹੈ। ਬੀਬੀ ਬਾਦਲ ਨੇ ਕਿਹਾ ਕਿ ਸਿਰਫ ਇਹੀ ਨਹੀਂ, ਪਟਿਆਲਾ ਵਿਚ ਨਰਸਾਂ ਆਪਣੀਆਂ ਮੰਗਾਂ ਮਨਵਾਉਣ ਲਈ ਰਜਿੰਦਰਾ ਹਸਪਤਾਲ ਦੀ ਇਮਾਰਤ ਉਤੇ ਚੜ੍ਹ ਗਈਆਂ ਸਨ ਅਤੇ ਦੁਖੀ ਹੋ ਕੇ ਉਹਨਾਂ ਛੱਤ ਤੋਂ ਛਾਲ ਵੀ ਮਾਰ ਦਿੱਤੀ ਸੀ, ਕਿਉਂਕਿ ਕੋਈ ਵੀ ਉਹਨਾਂ ਦੀ ਫਰਿਆਦ ਨਹੀਂ ਸੀ ਸੁਣ ਰਿਹਾ। ਉਹਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਕਲੀਫਾਂ ਦੱਸਣ ਅਤੇ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਹੱਕਾਂ ਲਈ ਲੜਣਗੇ ਅਤੇ ਉੁਹਨਾਂ ਨਾਲ ਕੋਈ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਝੂਠ ਦੀ ਪੰਡ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਸਾਨਾਂ, ਨੌਜਵਾਨਾਂ ਅਤੇ ਸਮਾਜ ਦੇ ਗਰੀਬ ਤਬਕਿਆਂ ਨੂੰ ਝੂਠ ਬੋਲ ਕੇ ਠੱਗਣ ਲਈ ਕੈਪਟਨ ਅਮਰਿੰਦਰ ਵਾਲੀ ਚਾਲ ਖੇਡੀ ਹੈ ਤਾਂ ਕਿ ਝੂਠੇ ਵਾਅਦੇ ਕਰਕੇ ਉਹਨਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਕਿਸਾਨ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਸਮਾਰਟ ਫੋਨ, ਘਰ ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਵਰਗੇ ਵਾਅਦਿਆਂ ਦਾ ਹਸ਼ਰ ਵੇਖ ਚੁੱਕੇ ਹਨ, ਉਹ ਦੁਬਾਰਾ ਉਸੇ ਜਾਲ ਵਿਚ ਨਹੀਂ ਫਸਣਗੇ।
ਬੀਬੀ ਬਾਦਲ ਨੇ ਦਿੱਲੀ ਵਿਚ ਕਾਂਗਰਸ ਪਾਰਟੀ ਨਾਲ ਗਠਜੋੜ ਕਰਨ ਲਈ ਆਪ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਹਰਾਉਣ ਲਈ ਜੁੰਡਲੀ ਬਣਾ ਚੁੱਕੀਆਂ ਹਨ, ਪਰੰਤੂ ਤੁਸੀਂ ਟਕਸਾਲੀਆਂ ਸਮੇਤ ਇਹਨਾਂ ਸਾਰਿਆਂ ਨੂੰ ਪਛਾਣ ਚੁੱਕੇ ਹੋ। ਤੁਸੀਂ ਮੇਰੇ ਨਾਲ ਹੋ, ਇਸ ਲਈ ਮੈਨੂੰ ਇਸ ਚੁਣੌਤੀ ਦੀ ਕੋਈ ਚਿੰਤਾ ਨਹੀਂ ਹੈ।
ਕੇਂਦਰੀ ਮੰਤਰੀ ਨੇ ਅਕਾਲੀ-ਭਾਜਪਾ ਨੂੰ ਸਾਰੀਆਂ 13 ਸੀਟਾਂ ਜਿਤਾਉਣ ਲਈ ਅਕਾਲੀ ਵਰਕਰਾਂ ਨੂੰ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਅਪੀਲ ਕੀਤੀ ਤਾਂ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਵਿਕਾਸਮਈ ਅਤੇ ਫੈਸਲਾਕੁੰਨ ਨੀਤੀਆਂ ਜਾਰੀ ਰਹਿ ਸਕਣ।