ਚੰਡੀਗੜ•/25 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਾਅਦਾ ਕਰਨ ਮਗਰੋਂ ਵੀ ਗੰਨਾ ਉਤਪਾਦਕਾਂ ਦੇ ਬਕਾਇਆਂ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ਵਿਚ ਇਸ ਤਰ•ਾਂ ਵਾਰ ਵਾਰ ਛੁਰਾ ਮਾਰਨ ਕਰਕੇ ਹੀ ਪੰਜਾਬ ਵਿਚ ਪਿਛਲੇ ਦੋ ਸਾਲਾਂ ਦੌਰਾਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 900 ਤੋਂ ਟੱਪ ਗਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਕਿਸਾਨ ਯੂਨੀਅਨਾਂ ਨਾਲ ਵਾਅਦਾ ਕਰਨ ਮਗਰੋਂ ਉਸ ਨੂੰ ਪੂਰਾ ਨਾ ਕਰੇ। ਉਹਨਾਂ ਸਾਰੀਆਂ ਲੇਟ ਅਦਾਇਗੀਆਂ 20 ਫੀਸਦੀ ਵਿਆਜ ਸਮੇਤ ਤੁਰੰਤ ਅਦਾ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਮੇਂ ਸਿਰ ਗੰਨੇ ਦੇ ਬਕਾਏ ਨਾ ਦੇਣ ਕਰਕੇ ਕਿਸਾਨ ਘਰ ਚਲਾਉਣ ਲਈ ਲਏ ਹੋਏ ਕਰਜ਼ਿਆਂ ਉੱਤੇ 24 ਫੀਸਦੀ ਵਿਆਜ ਦੇ ਰਹੇ ਹਨ। ਇਸ ਲਈ ਉਹਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਸਰਦਾਰ ਮਲੂਕਾ ਨੇ ਕਿਹਾ ਕਿ ਅਜੇ ਤਕ 2017-18 ਦੀ ਪਿੜਾਈ ਦੇ ਸੀਜ਼ਨ ਦੇ ਬਕਾਏ ਵੀ ਪੂਰੀ ਤਰ•ਾਂ ਚੁਕਤਾ ਨਹੀਂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਸਾਲ ਜਨਵਰੀ ਤਕ 790 ਕਰੋੜ ਰੁਪਏ ਦੇ ਬਕਾਏ ਖੜ•ੇ ਹਨ। ਇਹਨਾਂ ਬਕਾਇਆਂ ਨੂੰ ਅਦਾ ਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਲੇਟ ਅਦਾਇਗੀਆਂ ਉਤੇ ਮੁਆਵਜ਼ੇ ਵਜੋਂ ਵਿਆਜ ਦੇਣ ਤੋਂ ਕੋਰਾ ਜੁਆਬ ਦੇ ਦਿੱਤਾ ਹੈ।
ਸਰਦਾਰ ਮਲੂਕਾ ਨੇ ਕਿਹਾ ਕਿ ਅੱਠ ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਕਰੀਬ 400 ਕਰੋੜ ਰੁਪਏ ਦੇ ਬਕਾਏ ਖੜ•ੇ ਹਨ। ਇਸ ਨਾਲ ਖੇਤੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਦੀ ਗੰਨੇ ਦੇ ਬਕਾਏ ਦੇਣ ਵਿਚ ਨਾਕਾਮੀ ਕਰਕੇ ਕਿਸਾਨਾਂ ਨੂੰ ਆਪਣੇ ਖਰਚੇ ਚਲਾਉਣ ਲਈ ਕਰਜ਼ੇ ਲੈਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨਿੱਜੀ ਖੰਡ ਮਿੱਲਾਂ ਕੋਲੋਂ ਬਕਾਏ ਦਿਵਾਉਣ ਵਿਚ ਵੀ ਨਾਕਾਮ ਰਹੀ ਹੈ, ਜਿਹੜੀਆਂ ਕਿਸਾਨਾਂ ਦੇ 950 ਕਰੋੜ ਰੁਪਏ ਦੇ ਬਕਾਏ ਦੱਬੀ ਬੈਠੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਦਾ ਕਿਸਾਨ ਵਿੰਗ ਅਤੇ ਦੂਜੀਆਂ ਕਿਸਾਨ ਜਥੇਬੰਦੀਆਂ ਇਸ ਗੂੰਗੀ-ਬੋਲੀ ਕਾਂਗਰਸ ਸਰਕਾਰ ਨੂੰ ਗੰਨਾ ਉਤਪਾਦਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਆਪਣਾ ਅੰਦੋਲਨ ਹੋਰ ਤੇਜ਼ ਕਰਨਗੀਆਂ। ਉਹਨਾਂ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁਕਾਬਲੇ ਗੰਨੇ ਦਾ ਸਰਕਾਰੀ ਭਾਅ (ਐਸਏਪੀ) ਘੱਟ ਮਿਲਣ ਕਰਕੇ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਪਹਿਲਾਂ ਨੂੰ 10 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਚੁੱਕਿਆ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਸਮੇਂ ਸਿਰ ਗੰਨੇ ਦੀ ਅਦਾਇਗੀ ਨਾ ਕਰਕੇ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਨਾ ਉਤਪਾਦਕਾਂ ਦੀ ਦੁਰਦਸ਼ਾ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਵੱਲੋਂ ਸਹਿਕਾਰੀ, ਰਾਸ਼ਟਰੀ ਬੈਕਾਂ ਅਤੇ ਆੜ•ਤੀਆਂ ਕੋਲੋਂ ਲਏ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਮਗਰੋਂ ਕਿਸਾਨਾਂ ਨੇ ਆਪਣੇ ਕਰਜ਼ਿਆਂ ਦੀ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਪਰ ਕੋਈ ਰਾਹਤ ਦੇਣ ਦੀ ਬਜਾਇ ਉਲਟਾ ਕਿਸਾਨਾਂ ਦੀ ਹੁਣ ਕੁਰਕੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਤੋਂ ਵੀ ਮੁਕਰ ਗਿਆ ਹੈ।
ਇਹ ਕਹਿੰਦਿਆਂ ਕਿ ਕਾਂਗਰਸ ਪਾਰਟੀ ਵੱਲੋਂ ਖੇਤੀ ਸੈਕਟਰ ਨੂੰ ਤਬਾਹ ਕਰ ਦਿੱਤਾ ਗਿਆ ਹੈ, ਸਰਦਾਰ ਮਲੂਕਾ ਨੇ ਕਿਹਾ ਕਿ ਸਰਕਾਰ ਇੱਕ ਖੇਤੀ ਨੀਤੀ ਲੈ ਕੇ ਆਈ ਸੀ ਅਤੇ ਖੇਤੀਬਾੜੀ ਸੈਕਟਰ ਦੀ ਕਾਇਆ ਕਲਪ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਾਂਗਾ ਕਿ ਉਹ ਕੋਈ ਇਕ ਚੀਜ਼ ਗਿਣਾਉਣ, ਜਿਹੜੀ ਇਸ ਅਖੌਤੀ ਖੇਤੀ ਨੀਤੀ ਨਾਲ ਹਾਸਿਲ ਹੋਈ ਹੈ। ਜਿੱਥੋਂ ਤਕ ਕਿਸਾਨਾਂ ਦਾ ਸੰਬੰਧ ਹੈ, ਉਹਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ ਹੈ। ਉਹਨਾਂ ਦੀ ਆਲੂ ਦੀ ਫਸਲ ਤਬਾਹ ਹੋ ਗਈ ਅਤੇ ਸਰਕਾਰ ਨੇ ਰਾਹਤ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ। ਹੁਣ ਗੰਨਾ ਉਤਪਾਦਕਾਂ ਦਾ ਬੁਰਾ ਹਾਲ ਹੈ, ਪਰੰਤੂ ਮੁੱਖ ਮੰਤਰੀ ਉਹਨਾਂ ਦੀਆਂ ਤਕਲੀਫਾਂ ਪ੍ਰਤੀ ਬੋਲਾ ਬਣਿਆ ਬੈਠਾ ਹੈ।