ਚੰਡੀਗੜ੍ਹ, 17 ਅਕਤੂਬਰ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਜ਼ਿੰਮੇਵਾਰੀ ਚੁੱ ਕੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਗ੍ਰਹਿ ਮੰਤਰੀ ਵਜੋਂ ਆਪਣਾ ਫਰਜ਼ ਅਦਾ ਕਰਨ ਵਿਚ ਫੇਲ੍ਹ ਹੋ ਗਏ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਪੰਜਾਬ ਵਿਚ ਜੰਗਲ ਰਾਜ ਹੋਵੇਗਾ। ਰੋਜ਼ਾਨਾ ਹੀ ਕਤਲ ਹੋ ਰਹੇ ਹਨ ਤੇ ਹਥਿਆਰਬੰਦ ਲੁੱਟ ਖੋਹਾਂ ਹੋ ਰਹੀਆਂ ਹਨ। ਕੱਲ੍ਹ ਹੀ ਇਕ ਸ਼ੌਰਿਆ ਚੱਕਰ ਵਿਜੇ ਬਲਵਿੰਦਰ ਸਿੰਘ ਸੰਧੂ ਦਾ ਕਤਲ ਕਰ ਦਿੱਤਾ ਗਿਆ ਜਿਸਦੀ ਸੁਰੱਖਿਆ ਕੁਝ ਦਿਨ ਪਹਿਲਾਂ ਹੀ ਵਾਪਸ ਲਈ ਗਈ ਸੀ। ਉਹਨਾਂ ਕਿਹਾ ਕਿ ਕੱਲ੍ਹ ਹੀ ਲੁਧਿਆਣਾ ਵਿਚ ਵਿਚ ਚਿੱਟੇ ਦਿਨ 15 ਕਰੋੜ ਰੁਪਏ ਦੀ ਲੁੱਟ ਦਾ ਯਤਨ ਕੀਤਾ ਗਿਆ ਜੋ ਲੋਕਾਂ ਨੇ ਫੇਲ੍ਹ ਕੀਤੀ ਨਾ ਕਿ ਪੁਲਿਸ ਫੋਰਸ ਨੇ। ਉਹਨਾਂ ਕਿਹਾ ਕਿ ਭਿਖੀਵਿੰਡ ਪੁਲਿਸ ਥਾਣੇ ਅਧੀਨ ਆਉਂਦੇ ਇਲਾਕੇ ਵਿਚ ਇਕ ਹਫਤੇ ਵਿਚ ਤਿੰਨ ਕਤਲ ਹੋ ਗਏ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਗੈਂਗਸਟਰਾਂ ਤੇ ਲੁਟੇਰਿਆਂ ਦੇ ਡਰ ਦੀ ਦਹਿਸ਼ਤ ਹੇਠ ਰਹਿ ਰਹੇ ਲੋਕਾਂ ਨਾਲ ਕੁਝ ਤਾਂ ਹਮਦਰਦੀ ਵਿਖਾਉਣ। ਉਹਨਾਂ ਕਿਹਾ ਕਿ ਹਾਲਾਤ ਇਸ ਕਰ ਕੇ ਜ਼ਿਆਦਾ ਵਿਗੜ ਗਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਰਿਹਾ। ਉਹਨਾਂ ਕਿਹਾ ਕਿ ਸਭ ਕੁਝ ਵਾਂਗ ਅਮਨ ਕਾਨੂੰਨ ਵਿਵਸਥਾ ਦੀਆਂ ਡਿਊਟੀਆਂ ਵੀ ਕਾਂਗਰਸੀਆਂ ਹਵਾਲੇ ਕੀਤੀਆਂ ਗਈਆਂ ਹਨ ਜੋ ਆਪਣੇ ਆਪ ਵਿਚ ਕਾਨੂੰਨ ਬਣ ਗਏ ਹਨ।
ਡਾ. ਚੀਮਾ ਨੇ ਕਿਹਾ ਕਿ ਜੇਕਰ ਅਮਨੂ ਕਾਨੂੰਨ ਦੀ ਵਿਵਸਥਾ ਤੁਰੰਤ ਕੰਟਰੋਲ ਹੇਠ ਨਾ ਲਿਆਂਦੀ ਗਈ ਤਾਂ ਫਿਰ ਪੰਜਾਬ ਦੇ ਇਕ ਵਾਰ ਫਿਰ ਤੋਂ ਗੜ੍ਹਬੜ੍ਹ ਵਾਲਾ ਸੂਬਾ ਬਣਨ ਦਾ ਖਦਸ਼ਾ ਹੈ।